ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)-ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਅੰਦੋਲਨ ਦੇ ਸੱਦੇ 'ਤੇ 1 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਸਾਂਝੇ ਤੌਰ 'ਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਹੈੱਡਕੁਆਟਰ 'ਤੇ ਇਕ ਦਿਨ ਦੀ ਭੁੱਖ ਹੜਤਾਲ ਕਰਨਗੇ ਅਤੇ ਜੇਕਰ ਸਾਡੀ ਮੰਗ ਨੂੰ ਅਣਗੌਲਿਆ ਕੀਤਾ ਗਿਆ ਤਾਂ ਅਸੀਂ 25 ਨਵੰਬਰ ਨੂੰ ਦਿੱਲੀ ਵੱਲ ਮਾਰਚ ਕਰਾਂਗੇ | ਇਸ ਸੰਬੰਧੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਕਨਵੀਨਰਾਂ ਸੰਜੀਵ ਧੂਤ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਪਿ੍ਤਪਾਲ ਸਿੰਘ ਚੌਟਾਲਾ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਅਧਿਆਪਕ ਦਿਵਸ 'ਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੇ ਕਈ ਖੋਖਲੇ ਦਾਅਵੇ ਕਰਦੀਆਂ ਹਨ, ਪਰ ਅਧਿਆਪਕਾਂ ਦਾ ਸਤਿਕਾਰ ਸਿਰਫ਼ ਉਨ੍ਹਾਂ ਦੀ ਸਮਾਜਿਕ ਸੁਰੱਖਿਆ ਵਿਚ ਹੈ, ਜਿਸ ਨੂੰ ਕੇਂਦਰ ਤੇ ਰਾਜ ਸਰਕਾਰਾਂ ਪ੍ਰਦਾਨ ਕਰਨ ਤੋਂ ਇਨਕਾਰ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤਿੰਨ ਸਾਲ ਪਹਿਲਾਂ ਜਾਰੀ ਕੀਤੀ ਗਈ ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਆਪਣੇ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਨਾ ਭੁੱਲ ਗਈ ਹੈ | ਆਗੂਆਂ ਨੇ ਕਿਹਾ ਕਿ 1 ਅਕਤੂਬਰ ਨੂੰ ਨਵੀਂ ਪੈਨਸ਼ਨ ਯੋਜਨਾ ਤੋਂ ਪੀੜਤ ਅਧਿਆਪਕ ਅਤੇ ਕਰਮਚਾਰੀ ਦੇਸ਼ ਭਰ 'ਚ ਭੁੱਖ ਹੜਤਾਲ 'ਤੇ ਬੈਠਣਗੇ | ਇਸ ਮੌਕੇ ਲੈਕ. ਅਮਰ ਸਿੰਘ, ਵਿਕਾਸ ਸ਼ਰਮਾ, ਪਿ੍ੰਸ ਗੜ੍ਹਦੀਵਾਲਾ, ਰਾਜ ਕੁਮਾਰ ਹੁਸ਼ਿਆਰਪੁਰ, ਸਰਬਜੀਤ ਸਿੰਘ ਡੱਫਰ, ਸਚਿਨ ਕੁਮਾਰ, ਪਰਮਜੀਤ ਸਿੰਘ, ਪਰਮਿੰਦਰ ਸਿੰਘ, ਰਸ਼ਪਾਲ ਸਿੰਘ ਆਦਿ ਹਾਜ਼ਰ ਸਨ |