ਗੁਰਦਾਸਪੁਰ, 25 ਸਤੰਬਰ (ਅਸ਼ੋਕ ਸ਼ਰਮਾ)-ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਵਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡਾਂ ਅੰਦਰ ਵਿਕਾਸ ਕਾਰਜਾਂ ਦੀ ਨਵੀਂ ਇਬਾਦਤ ਲਿਖਦਿਆਂ ਪਿੰਡ ਗੋਹਤ ਪੋਖਰ ਵਿਖੇ ਵੱਖ-ਵੱਖ ਵਿਕਾਸ ਪੋ੍ਰਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ | ਇਨ੍ਹਾਂ ਪ੍ਰੋਜੈਕਟਾਂ 'ਤੇ 2.59 ਕਰੋੜ ਖ਼ਰਚ ਕਰਕੇ ਪਿੰਡ ਦੀ ਨੁਹਾਰ ਬਦਲੀ ਜਾਵੇਗੀ | ਇਸ ਮੌਕੇ ਸੰਬੋਧਨ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵਲੋਂ ਪਿੰਡ 'ਚ ਸ਼ਮਸ਼ਾਨਘਾਟ ਦੇ ਨੇੜੇ 26.13 ਲੱਖ ਦੀ ਲਾਗਤ ਨਾਲ 60 ਐਮ.ਐਮ ਇੰਟਰਲਾਕ ਟਾਈਲਾਂ, 25.95 ਲੱਖ ਨਾਲ ਸਟੇਡੀਅਮ ਵਿਚ ਜਿੰਮ, 31.42 ਲੱਖ ਨਾਲ ਪਿੰਡ ਦੇ ਮੁੱਖ ਮਾਰਗ 'ਤੇ ਇੰਟਰਲਾਕ ਟਾਈਲਾਂ ਲਗਾਉਣ ਤੋਂ ਇਲਾਵਾ 1.76 ਕਰੋੜ ਨਾਲ ਪਿੰਡ ਦੀ ਫਿਰਨੀ ਬਣਾਈ ਜਾਵੇਗੀ | ਚੇਅਰਮੈਨ ਰਾਜੀਵ ਸ਼ਰਮਾ ਨੇ ਕਿਹਾ ਕਿ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਪਹਿਲ ਦੇ ਆਧਾਰ 'ਤੇ ਕੀਤੇ ਜਾ ਰਹੇ ਹਨ | ਇਸ ਮੌਕੇ ਟਰੱਸਟੀ ਰਘੁਬੀਰ ਸਿੰਘ ਖ਼ਾਲਸਾ, ਹਿਤੇਸ਼ ਮਹਾਜਨ, ਪੀਟਰ ਮੱਟੂ, ਰਣਜੀਤ ਸਿੰਘ ਨੰਬਰਦਾਰ, ਨੀਰਜ ਸਲਹੋਤਰਾ, ਸੁੱਚਾ ਸਿੰਘ ਮੁਲਤਾਨੀ ਨਵਾਂ ਸ਼ਾਲਾ ਆਦਿ ਹਾਜ਼ਰ ਸਨ |