ਗੁਰਦਾਸਪੁਰ, 25 ਸਤੰਬਰ (ਚੱਕਰਾਜਾ)-ਕਿਰਤੀ ਕਿਸਾਨ ਯੂਨੀਅਨ ਵਲੋਂ ਦੋਰਾਂਗਲਾ ਬਲਾਕ ਦੇ ਪਿੰਡ ਮੱਦੇਪੁਰ ਵਿਖੇ ਮੀਟਿੰਗ ਕੀਤੀ ਗਈ | ਜਿਸ 'ਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਿਲ ਹੋਈਆਂ | ਮੀਟਿੰਗ ਉਪਰੰਤ ਪੈੱ੍ਰਸ ਨੂੰ ਬਿਆਨ ਜਾਰੀ ਕਰਦਿਆਂ ਕਿਸਾਨ ਆਗੂ ਚੰਨਣ ਸਿੰਘ ਦੋਰਾਂਗਲਾ ਅਤੇ ਸੁਰਜੀਤ ਲਾਲ ਮੱਦੇਪੁਰ ਨੇ ਦੱਸਿਆ ਕਿ ਪਿੰਡ ਮੱਦੇਪੁਰ ਦੀ ਲੜਕੀ ਸੰਗੀਤਾ ਦੇਵੀ ਜੋ ਪਿੰਡ ਸ੍ਰੀ ਰਾਮਪੁਰ ਵਿਖੇ ਵਿਆਹੀ ਹੈ ਤੇ ਉਹ ਪਿੰਡ ਵਿਚ ਪੰਚਾਇਤ ਮੈਂਬਰ ਵੀ ਹੈ | ਉਨ੍ਹਾਂ ਦੱਸਿਆ ਕਿ ਉੁਕਤ ਲੜਕੀ ਦੇ ਘਰ ਦੀ ਗੁਆਂਢੀ ਔਰਤ ਵਲੋਂ ਉਸ ਦੇ ਘਰ ਨੇੜੇ ਬਚਿਆ ਹੋਇਆ ਖਾਣਾ ਤੇ ਹੋਰ ਕੂੜਾ ਸੁੱਟਿਆ ਜਾਂਦਾ ਹੈ, ਜਿਸ 'ਤੇ ਜਦੋਂ ਸੰਗੀਤਾ ਦੇਵੀ ਨੇ ਉਸ ਔਰਤ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਔਰਤ ਸੰਗੀਤਾ ਦੇਵੀ ਨੰੂ ਬੁਰਾ ਭਲਾ ਕਹਿਣ ਲੱਗ ਗਈ ਤੇ ਕਿਹਾ ਕਿ ਉਹ ਤਾਂ ਇਥੇ ਹੀ ਕੂੜਾ ਸੁੱਟੇਗੀ, ਤੇਰਾ ਜਿਥੇ ਜ਼ੋਰ ਲੱਗਦਾ ਹੈ, ਲਗਾ ਲੈ | ਸੰਗੀਤਾ ਦੇਵੀ ਨੇ ਉਸ ਔਰਤ ਖ਼ਿਲਾਫ਼ ਥਾਣਾ ਦੋਰਾਂਗਲਾ ਵਿਖੇ ਦਰਖਾਸਤ ਵੀ ਦਿੱਤੀ | ਪਰ ਪੁਲਿਸ ਸੱਤਾਧਾਰੀ ਧਿਰ ਦੇ ਦਬਾਅ ਕਾਰਨ ਉਸ ਔਰਤ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਤੇ ਕਾਰਵਾਈ ਕਰਨ ਤੋਂ ਲਗਾਤਾਰ ਟਾਲ ਮਟੋਲ ਕਰ ਰਹੀ ਹੈ | ਜਿਸ ਨੰੂ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਚੰਨਣ ਸਿੰਘ ਦੋਰਾਂਗਲਾ, ਸਤਿਬੀਰ ਸਿੰਘ ਸੁਲਤਾਨੀ ਤੇ ਇਫਟੂ ਦੇ ਜ਼ਿਲ੍ਹਾ ਆਗੂ ਸੁਖਦੇਵ ਰਾਜ ਬਹਿਰਾਮਪੁਰ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 30 ਸਤੰਬਰ ਤੱਕ ਕਾਰਵਾਈ ਕਰਕੇ ਪੀੜਤ ਔਰਤ ਨੂੰ ਇਨਸਾਫ਼ ਨਾ ਦਿੱਤਾ ਤਾਂ ਥਾਣਾ ਦੋਰਾਂਗਲਾ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਪਿੰਡ ਮੱਦੇਪੁਰ ਦੇ ਸਰਪੰਚ ਰਵਿੰਦਰ ਸਿੰਘ ਸਾਬੀ, ਸੁਰਿੰਦਰ ਸਿੰਘ, ਪ੍ਰੇਮ ਚੰਦ, ਸੁਖਦੇਵ ਕੁਮਾਰ, ਬਲਵੀਰ ਕੌਰ, ਆਸ਼ਾ ਰਾਣੀ, ਨਿਰਮਲਾ ਅਤੇ ਰਾਣੀ ਦੇਵੀ ਆਦਿ ਬੀਬੀਆਂ ਹਾਜ਼ਰ ਸਨ |