ਘਰੋਟਾ, 25 ਸਤੰਬਰ (ਸੰਜੀਵ ਗੁਪਤਾ)-ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਵਿਭੂਤੀ ਸ਼ਰਮਾ ਨੇ ਘਿਆਲਾ ਤੋਂ ਕੌਂਤਰਪੁਰ ਸੰਪਰਕ ਸੜਕ 'ਤੇ ਲੰਬੇ ਸਮੇਂ ਤੋਂ ਅਣਦੇਖੀ ਦੀ ਸ਼ਿਕਾਰ ਸੜਕ 'ਤੇ ਪ੍ਰੀਮਿਕਸ ਦੇ ਕੰਮ ਦਾ ਉਦਘਾਟਨ ਕੀਤਾ | ਇਸ ਮੌਕੇ ਮੰਡੀ ਬੋਰਡ ਦੇ ਅਧਿਕਾਰੀ, ਠੇਕੇਦਾਰ, ਪੰਚਾਇਤ ਪ੍ਰਤੀਨਿਧੀ ਤੇ ਸਰਪੰਚ ਅਤੇ ਪੰਚ ਮੌਜੂਦ ਸਨ | ਚੇਅਰਮੈਨ ਵਿਭੂਤੀ ਸ਼ਰਮਾ ਨੇ ਕਿਹਾ ਕਿ ਉਕਤ ਸੰਪਰਕ ਸੜਕ ਜੋ ਲਗਭਗ 3.5 ਕਿੱਲੋਮੀਟਰ ਦੇ ਕਰੀਬ ਹੈ | ਲੰਬੇ ਸੜਕ ਪ੍ਰੋਜੈਕਟ 'ਤੇ 1 ਕਰੋੜ 30 ਲੱਖ ਦੀ ਲਾਗਤ ਆਵੇਗੀ | ਉਨ੍ਹਾਂ ਕਿਹਾ ਕਿ ਇਸ ਦੇ ਪੂਰਾ ਹੋਣ 'ਤੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਲਗਭਗ 15-20 ਪਿੰਡਾਂ, ਜਿਨ੍ਹਾਂ 'ਚ ਘਿਆਲਾ, ਕੌਂਤਰਪੁਰ, ਜਿੰਦਰੀ, ਘੇਬਾ, ਅੰਦੋਈ ਆਦਿ ਅਨੇਕਾਂ ਪਿੰਡਾਂ ਨੂੰ ਲਾਭ ਹੋਵੇਗਾ | ਉੱਥੇ ਹੀ ਲੋਕਾਂ ਨੂੰ 10 ਕਿੱਲੋਮੀਟਰ ਦੇ ਵਾਧੂ ਸਫ਼ਰ ਤੈਅ ਕਰਨ ਤੋਂ ਛੁਟਕਾਰਾ ਮਿਲੇਗਾ | ਚੇਅਰਮੈਨ ਵਿਭੂਤੀ ਸ਼ਰਮਾ ਨੇ ਕਿਹਾ ਕਿ ਇਹ ਧਿਆਨਦੇਣ ਯੋਗ ਹੈ ਕਿ ਇਹ ਸੜਕ ਲੰਬੇ ਸਮੇਂ ਤੋਂ ਅਣਗੌਲੀ ਹੈ | ਜਿਸ ਕਾਰਨ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ ਤੇ ਲੋਕਾਂ ਨੂੰ ਕਾਫ਼ੀ ਅਸੁਵਿਧਾ ਹੁੰਦੀ ਹੈ | ਹੁਣ ਕੰਮ ਸ਼ੁਰੂ ਹੋਣ ਨਾਲ ਪਿੰਡ ਵਾਸੀਆਂ 'ਚ ਉਤਸ਼ਾਹ ਦਾ ਮਾਹੌਲ ਹੈ | ਇਸ ਮੌਕੇ ਸਮਾਜ ਸੇਵਕ ਧੀਰਜ ਕੁਮਾਰ, ਪ੍ਰੇਮ ਚੰਦ, ਧਰਮਵੀਰ, ਬਲਵਿੰਦਰ ਸਿੰਘ, ਬੱਬਲੂ ਸ਼ਰਮਾ, ਠਾਕੁਰ ਰਘੁਬੀਰ ਸਿੰਘ, ਸਰਬਜੀਤ ਸਿੰਘ ਅਤੇ ਸ਼ਿਆਮ ਲਾਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |