ਤਾਰਾਗੜ੍ਹ, 25 ਸਤੰਬਰ (ਸੋਹਨ ਲਾਲ)-ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਆਗੂ ਸੁਵਿੰਦਰ ਸਿੰਘ ਚੁਤਾਲਾ ਵਲੋਂ ਜ਼ੋਨ ਪ੍ਰਧਾਨ ਹਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਜ਼ੋਨ ਬਾਬਾ ਸ੍ਰੀ ਚੰਦ ਜੀ ਦੀ ਮੀਟਿੰਗ ਹਰਪਾਲ ਸਿੰਘ ਦੇ ਗ੍ਰਹਿ ਵਿਖੇ ਕਰਵਾਈ ਗਈ | ਮੀਟਿੰਗ 'ਚ ਜ਼ੋਨ ਦੇ ਵੱਖ-ਵੱਖ 15 ਪਿੰਡਾਂ ਨੇ ਹਾਜ਼ਰੀ ਭਰੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਵਿੰਦਰ ਸਿੰਘ ਚੁਤਾਲਾ ਨੇ ਕਿਹਾ ਜ਼ਿਲ੍ਹਾ ਪਠਾਨਕੋਟ ਵਿਚ ਹੜ੍ਹਾਂ ਨੇ ਜਿੱਥੇ-ਜਿੱਥੇ ਵੀ ਤਬਾਹੀ ਕੀਤੀ ਹੈ, ਸਰਕਾਰ ਏਕੜ ਇਕਾਈ ਮੰਨ ਕੇ 70000 ਹਜ਼ਾਰ ਰੁਪਏ ਝੋਨੇ ਦਾ ਮੁਆਵਜ਼ਾ, 1 ਲੱਖ ਰੁਪਏ ਗੰਨੇ ਦਾ ਮੁਆਵਜ਼ਾ ਤੇ ਜਿਹੜੇ ਲੋਕਾਂ ਦੇ ਪਸ਼ੂ ਹੜ੍ਹ ਵਿਚ ਰੁੜ੍ਹ ਗਏ ਹਨ ਜਾਂ ਮਾਰੇ ਗਏ ਹਨ, ਉਨ੍ਹਾਂ ਨੂੰ ਸਵਾ ਲੱਖ ਰੁਪਏ ਮੱਝ ਦਾ ਮੁਆਵਜ਼ਾ ਤੇ ਬਾਕੀ ਜਾਨਵਰਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ | ਇਸੇ ਤਰ੍ਹਾਂ ਕਿਸਾਨ ਨੂੰ ਆਪਣੇ ਖੇਤ 'ਚੋਂ ਰੇਤ ਕੱਢਣ ਦਾ ਅਧਿਕਾਰ 31 ਦਸੰਬਰ ਤੋਂ ਬਾਅਦ ਵੀ ਦਿੱਤਾ ਜਾਵੇ | ਮੀਟਿੰਗ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਫ਼ੈਸਲਾ ਕੀਤਾ ਗਿਆ, ਜਿਨ੍ਹਾਂ ਘਰਾਂ ਵਿਚ ਚਿੱਪ ਵਾਲੇ ਮੀਟਰ ਲੱਗੇ ਹਨ, ਉਨ੍ਹਾਂ ਨੂੰ ਪੁੱਟ ਕੇ ਸਬ ਡਵੀਜ਼ਨ ਵਿਚ ਜਮ੍ਹਾਂ ਕਰਵਾਇਆ ਜਾਵੇਗਾ | ਆਗੂਆਂ ਨੇ ਫ਼ੈਸਲਾ ਕੀਤਾ ਹੈ ਕਿ ਇਸ ਵਾਰ ਝੋਨੇ ਦੀ ਸਿਲ ਦੇ ਨਾਂਅ 'ਤੇ ਲੱਗਣ ਵਾਲਾ ਕੱਟ ਬਿਲਕੁਲ ਬਰਦਾਸ਼ ਨਹੀਂ ਕੀਤਾ ਜਾਵੇਗਾ | ਸੂਬਾ ਕਮੇਟੀ ਆਗੂ ਨੇ ਜਥੇਬੰਦੀ ਦੀ ਮੈਂਬਰਸ਼ਿਪ ਪਿੰਡਾਂ ਵਿਚ ਕਰਨ 'ਤੇ ਜ਼ੋਰ ਦਿੱਤਾ ਅਤੇ ਮੀਟਿੰਗ ਵਿਚ ਇਹ ਫ਼ੈਸਲਾ ਹੋਇਆ ਹੈ ਕਿ ਦਸੰਬਰ ਮਹੀਨੇ ਤੋਂ ਪਹਿਲਾਂ ਨਵੇਂ ਜ਼ੋਨ ਦਾ ਗਠਨ ਵੀ ਕੀਤਾ ਜਾਵੇਗਾ | ਮੀਟਿੰਗ ਵਿਚ ਪੁੱਜੇ ਕਿਸਾਨ ਰਘਵੀਰ ਸਿੰਘ, ਰਘੂਨਾਥ ਸਿੰਘ ਪਿੰਡ ਥਰਿਆਲ ਬਲਾਕ ਧਾਰ ਦੇ ਜਥੇਬੰਦੀ ਕੋਲ ਵਾਸਤਾ ਪਾਉਂਦੇ ਕਿਹਾ ਕਿ ਬੈਂਸ ਸਟੈਂਡਿੰਗ ਕੰਪਨੀ ਸੁਜਾਨਪੁਰ ਵਲੋਂ ਝੋਨੇ ਦਾ 131 ਤੇ 128 ਬੀਜ ਬੀਜਣ ਵਾਸਤੇ ਲਿਆ ਸੀ, ਪਰ ਉਸ ਝੋਨੇ ਨੂੰ ਕੋਈ ਵੀ ਬੀਜ ਨਹੀਂ ਪਿਆ | ਵਾਰ-ਵਾਰ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ 'ਤੇ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲਿਆ | ਪ੍ਰਧਾਨ ਹਰਪਾਲ ਸਿੰਘ ਵਲੋਂ ਅੱਜ ਮੀਟਿੰਗ ਵਿਚ ਸਬੰਧਿਤ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਨਹੀਂ ਕੀਤੀ ਜਾਂਦੀ ਤਾਂ ਬੈਂਸ ਸਟੈਂਡਿੰਗ ਕੰਪਨੀ ਅੱਗੇ ਜਥੇਬੰਦੀ ਵਲੋਂ ਪੱਕਾ ਧਰਨਾ ਲਗਾ ਦਿੱਤਾ ਜਾਵੇਗਾ | ਇਸ ਮੌਕੇ ਬਲਵਿੰਦਰ ਸਿੰਘ, ਸਤਨਾਮ ਸਿੰਘ, ਪ੍ਰਭਜੋਤ ਸਿੰਘ, ਜਗੀਰ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ, ਰਵਿੰਦਰ ਸਿੰਘ, ਟਹਿਲ ਸਿੰਘ, ਹਰੀ ਸਿੰਘ, ਸਰਨ ਸਿੰਘ, ਸ਼ਾਮ ਲਾਲ, ਗੁਰਪ੍ਰੀਤ ਸਿੰਘ, ਰਵੀ ਸੈਣੀ, ਰਕੇਸ਼ ਸਿੰਘ ਕੁਕੀ, ਅਸ਼ੋਕ, ਬਿੱਲੂ, ਚੀਕੂ ਅਤੇ ਕੇਸਰ ਸਿੰਘ ਆਦਿ ਹਾਜ਼ਰ ਸਨ |