ਪਠਾਨਕੋਟ, 25 ਸਤੰਬਰ (ਸੰਧੂ)-ਪਠਾਨਕੋਟ ਦੇ ਪਟੇਲ ਚੌਕ ਤੋਂ ਦੁਰਗਾ ਮੰਦਿਰ ਰੋਡ ਵੱਲ ਜਾਣ ਵਾਲੀ ਸੜਕ ਦੇ ਇਕ ਪਾਸੇ ਟੁੱਟੀ ਪਾਣੀ ਦੀ ਸਪਲਾਈ ਲਾਈਨ ਨਿਗਮ ਦੀ ਪਾਣੀ ਸਪਲਾਈ ਦੀ ਰਹਿੰਦ-ਖੂੰਹਦ ਅਤੇ ਦੂਸ਼ਿਤਤਾ ਦੋਵਾਂ ਦਾ ਕਾਰਨ ਬਣ ਰਹੀ ਹੈ | ਓਵਰਫ਼ਲੋ ਹੋ ਰਹੇ ਪਾਣੀ ਨੇ ਹੌਲੀ-ਹੌਲੀ ਸੜਕ ਨੂੰ ਖੋਰਾ ਲਗਾ ਦਿੱਤਾ ਹੈ, ਜਦੋਂ ਕਿ ਨਿਗਮ ਬੇਖ਼ਬਰ ਹੈ | ਪਿਛਲੇ 15 ਦਿਨਾਂ ਤੋਂ ਨਿਗਮ ਵਲੋਂ ਦਿਨ ਵਿਚ ਦੋ ਵਾਰ ਪਾਣੀ ਛੱਡੇ ਜਾਣ ਤੋਂ ਬਾਅਦ ਇਹ ਪਾਣੀ ਸੜਕ 'ਤੇ ਵਗ ਰਿਹਾ ਹੈ ਅਤੇ ਪਾਣੀ ਹੌਲੀ-ਹੌਲੀ ਸੜਕ ਨੂੰ ਖੋਰਾ ਲਗਾ ਰਿਹਾ ਹੈ | ਸਥਾਨਿਕ ਨਿਵਾਸੀਆਂ ਦੀ ਮੰਗ ਹੈ ਕਿ ਨਿਗਮ ਦੇ ਅਧਿਕਾਰੀ ਇਸ ਵੱਲ ਧਿਆਨ ਦੇਣ ਅਤੇ ਟੁੱਟੀਆਂ ਪਾਣੀ ਦੀਆਂ ਪਾਈਪਾਂ ਨੂੰ ਜਲਦੀ ਤੋਂ ਜਲਦੀ ਜ਼ਮੀਨਦੋਜ਼ ਕਰਨ ਤਾਂ ਜੋ ਲੋਕਾਂ ਨੂੰ ਦੂਸ਼ਿਤ ਪਾਣੀ ਨਾ ਪੀਣਾ ਪਵੇ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਸੜਕ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ |