ਬਮਿਆਲ, 25 ਸਤੰਬਰ (ਰਾਕੇਸ਼ ਸ਼ਰਮਾ)-ਰਾਵੀ ਦਰਿਆ ਦੇ ਕਹਿਰ ਕਾਰਨ ਹਾਲ ਹੀ ਵਿਚ ਤਿੰਨ ਘਰ ਪੂਰੀ ਤਰ੍ਹਾਂ ਦਰਿਆ ਦੀਆਂ ਲਹਿਰਾਂ ਵਿਚ ਸਮਾ ਗਏ ਸਨ | ਇਨ੍ਹਾਂ ਘਰਾਂ ਦੇ ਪਰਿਵਾਰ ਬੇਸਹਾਰਾ ਹੋ ਗਏ ਤੇ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਲਈ ਸੰਘਰਸ਼ ਕਰ ਰਹੇ ਸਨ | ਅੱਜ ਹੁਸ਼ਿਆਰਪੁਰ ਦੇ ਪਿੰਡ ਡੇਰੋਂ ਤੋਂ ਕੁੱਝ ਸਮਾਜ ਸੇਵੀ ਲੋਕ ਇਸ ਪੀੜਤ ਪਰਿਵਾਰਾਂ ਦੇ ਘਰ ਪਹੁੰਚੇ | ਉਨ੍ਹਾਂ ਨੇ ਹੜ ਪ੍ਰਭਾਵਿਤ ਪਰਿਵਾਰ ਨੂੰ ਪੰਜਾਹ ਹਜ਼ਾਰ ਰੁਪਏ ਦੀ ਆਰਥਿਕ ਮਦਦ ਕਤੀ ਹੈ ਤਾਂ ਜੋ ਉਹ ਨਵੇਂ ਸਿਰੇ ਤੋਂ ਆਪਣਾ ਘਰ ਤਿਆਰ ਕਰ ਸਕਣ | ਇਹ ਦਿ੍ਸ਼ ਦੇਖ ਕੇ ਪਰਿਵਾਰਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ | ਪਰ ਉਹ ਹੰਝੂ ਦੁੱਖ ਦੇ ਨਹੀਂ, ਸਹਾਰਿਆਂ ਦੇ ਸਨ | ਪੀੜਤ ਪਰਿਵਾਰਾਂ ਨੇ ਕਿਹਾ ਕਿ ਇਸ ਮਦਦ ਨਾਲ ਉਨ੍ਹਾਂ ਦੇ ਘਰਾਂ ਦੀ ਦੁਬਾਰਾ ਨੀਂਹ ਪੈ ਸਕਦੀ ਹੈ ਤੇ ਉਨ੍ਹਾਂ ਦੇ ਦਿਲਾਂ ਵਿਚ ਇਕ ਵਾਰੀ ਫਿਰ ਉਮੀਦ ਜਾਗੀ ਹੈ | ਇਹ ਮਦਦ ਦਰਸਾਉਂਦੀ ਹੈ ਕਿ ਜਦੋਂ ਵੀ ਕੋਈ ਸੰਕਟ ਆਉਂਦਾ ਹੈ, ਸਾਡਾ ਸਮਾਜ ਇਕ ਪਰਿਵਾਰ ਵਾਂਗ ਇਕੱਠੇ ਹੋ ਕੇ ਖੜ੍ਹਦਾ ਹੈ |