ਗੁਰਦਾਸਪੁਰ, 26 ਸਤੰਬਰ (ਅਸ਼ੋਕ ਸ਼ਰਮਾ)-ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪਨਿਆੜ ਦਾ 81 ਸਾਲਾ ਗ਼ਰੀਬ ਬਜ਼ੁਰਗ ਜਿਸ ਦੀ ਪਠਾਨਕੋਟ ਅੰਮਿ੍ਤਸਰ ਹਾਈਵੇ ਵਿਚ ਇਕ ਮਰਲਾ ਜ਼ਮੀਨ ਆਉਣ ਕਰਕੇ ਉਸ ਦੇ ਪੈਸੇ ਪ੍ਰਾਪਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰਾਂ 'ਚ ਪਿਛਲੇ 13 ਸਾਲ ਤੋਂ ਚੱਕਰ ਲਗਾ ਕੇ ਹੰਭ ਗਿਆ ਹੈ | ਪਰ ਉਸ ਨੰੂ ਕਿਸੇ ਵੀ ਅਧਿਕਾਰੀ ਨੇ ਪੱਲਾ ਨਹੀਂ ਫੜਾਇਆ, ਸਗੋਂ ਅਧਿਕਾਰੀਆਂ ਵਲੋਂ ਉਸ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ | ਇਸ ਸਬੰਧੀ 'ਅਜੀਤ' ਉਪ ਦਫ਼ਤਰ ਗੁਰਦਾਸਪੁਰ ਵਿਖੇ ਜਾਣਕਾਰੀ ਦਿੰਦਾ ਹੋਇਆ ਗੋਪਾਲ ਪੁੱਤਰ ਤਾਰੂ ਰਾਮ ਵਾਸੀ ਪਨਿਆੜ ਨੇ ਦੱਸਿਆ ਕਿ ਰਣਜੀਤ ਬਾਗ਼ ਅੱਡੇ 'ਚ ਉਸ ਦੀ ਇਕ ਮਰਲੇ ਦੀ ਦੁਕਾਨ ਸੀ ਕਿ ਜਦੋਂ ਹਾਈਵੇ ਦਾ ਕੰਮ ਚੱਲਿਆ ਤਾਂ ਉਸ ਸਮੇਂ ਉਸ ਨੰੂ ਦੁਕਾਨ ਦੇ ਮਲਬੇ ਦੇ ਪੈਸੇ ਤਾਂ ਮਿਲ ਗਏ | ਪਰ ਇਕ ਮਰਲਾ ਜ਼ਮੀਨ ਦੇ ਪੈਸੇ ਨਹੀਂ ਮਿਲੇ | ਉਸ ਨੇ ਦੱਸਿਆ ਕਿ ਉਸ ਦੀ ਰਜਿਸਟਰੀ ਵੀ ਉਸ ਦੇ ਨਾਂਅ 'ਤੇ ਬੋਲਦੀ ਹੈ | ਜਦੋਂ ਕਿ ਉਸ ਦੇ ਨਾਲ ਦੇ ਹੋਰਨਾਂ ਸਾਥੀਆਂ ਨੰੂ ਜ਼ਿਲ੍ਹਾ ਮਾਲ ਮਹਿਕਮੇ ਵਲੋਂ ਉਸ ਸਮੇਂ ਅਦਾਇਗੀ ਕਰ ਦਿੱਤੀ ਹੈ | ਪਰ ਉਹ ਇਕੱਲਾ ਹੀ ਪਿਛਲੇ 13 ਸਾਲ ਤੋਂ ਪੈਸੇ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ | ਉਸ ਨੇ ਦੱਸਿਆ ਕਿ ਉਸ ਨੇ ਕਈ ਵਾਰ ਮੁੱਖ ਮੰਤਰੀ ਤੇ ਸਬੰਧਿਤ ਵਿਭਾਗ ਨੰੂ ਪੱਤਰ ਵਿਵਹਾਰ ਵੀ ਕੀਤਾ ਹੈ, ਉਸ ਦਾ ਉਤਾਰਾ ਵੀ ਜ਼ਿਲ੍ਹਾ ਪ੍ਰਸ਼ਾਸਨ ਕੋਲ ਆ ਜਾਂਦਾ ਹੈ | ਇਸ ਤੋਂ ਇਲਾਵਾ ਉਸ ਨੇ ਕਈ ਵਾਰ ਡਿਪਟੀ ਕਮਿਸ਼ਨਰ ਅੱਗੇ ਪੇਸ਼ ਹੋ ਕੇ ਆਪਣੀ ਦੁਖੜੇ ਸੁਣਾਏ | ਪਰ ਉਹ ਵੀ ਪੈਸੇ ਦਿਵਾਉਣ ਦੀ ਬਜਾਏ ਉਸ ਨੰੂ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਦੀ ਸਲਾਹ ਦੇ ਕੇ ਭੇਜ ਦਿੰਦੇ ਸਨ | ਉਸ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੰੂ ਪੱਤਰ ਲਿਖ ਕੇ ਮੰਗ ਕੀਤੀ ਕਿ ਹਾਈਵੇ ਅਥਾਰਿਟੀ ਤੇ ਸਬੰਧਿਤ ਵਿਭਾਗ ਨੰੂ ਹਦਾਇਤਾਂ ਕਰਕੇ ਉਸ ਦੇ ਇਕ ਮਰਲੇ ਦੇ ਪੈਸੇ ਦਿਵਾਏ ਜਾਣ, ਨਹੀਂ ਤਾਂ ਉਹ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਆਤਮ ਹੱਤਿਆ ਕਰਨ ਲਈ ਮਜਬੂਰ ਹੋਵੇਗਾ | ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ |