ਗੱਗੋਮਾਹਲ/ਅਜਨਾਲਾ, 26 ਸਤੰਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ)-ਦਰਿਆ ਰਾਵੀ ਤੋਂ ਪਾਰ ਵਸਦਾ ਪਿੰਡ ਘਣੀਏ ਕੇ ਬੇਟ ਖੇਤਰ ਦਾ ਇਕਲੌਤਾ ਪਿੰਡ ਹੈ, ਰਾਵੀ 'ਚ ਆਏ ਹੜ੍ਹ ਦੌਰਾਨ ਇਸ ਪਿੰਡ ਦਾ ਸੰਪਰਕ ਪੂਰੇ ਪੰਜਾਬ ਨਾਲੋਂ ਕਈ ਦਿਨ ਟੁਟਿਆ ਰਿਹਾ ਤੇ ਪਿੰਡ ਦੇ ਵਸਨੀਕ ਘਰਾਂ ਦੀਆਂ ਛੱਤਾਂ 'ਤੇ ਵਰ੍ਹਦੇ ਮੀਂਹ ਵਿਚ ਤੇ ਹੜ੍ਹਾਂ ਦੇ ਤੇਜ ਪਾਣੀ ਵਿਚ ਜਿੰਦਗੀ ਮੌਤ ਲਈ ਜੂਝਦੇ ਰਹੇ | ਅੱਜ 'ਅਜੀਤ' ਦੀ ਟੀਮ ਜ਼ਿਲ੍ਹਾ ਇੰਚਾ: ਅੰਮਿ੍ਤਸਰ ਜਸਵੰਤ ਸਿੰਘ ਜੱਸ, ਬਟਾਲਾ ਦੀ ਟੀਮ ਦੀ ਅਗਵਾਈ ਹੇਠ ਟੁੱਟੀ ਸੜਕ ਦੇ ਬਿਖੜੇ ਰਸਤੇ ਰਾਹੀਂ ਕਈ ਪ੍ਰੇਸ਼ਾਨੀਆਂ ਝੱਲ ਕੇ ਪਿੰਡ ਵਾਸੀਆਂ ਦੀ ਸਾਰ ਲੈਣ ਪਹੁੰਚੀ | ਜਿੱਥੇ ਪਹੁੰਚ ਕੇ ਲੱਗਿਆ ਕਿ ਪਿੰਡ 30-35 ਸਾਲਾ ਪੁਰਾਣਾ ਪੰਜਾਬ ਦਾ ਵਿਰਸਾ ਆਪਣੇ ਸੀਨੇ ਵਿਚ ਸਮੋਈ ਬੈਠਾ ਹੈ, ਖੁੱਲ੍ਹੇ ਡੁੱਲ੍ਹੇ ਬਿਨਾ ਚਾਰ ਦੁਆਰੀ ਦੇ ਘਰ, ਵਿਹੜੇ ਵਿਚ ਦਰੱਖਤ ਤੇ ਉਨ੍ਹਾਂ ਹੇਠ ਡਾਹੇ ਮੰਜੇ ਅਸਲੀ ਪੰਜਾਬ ਦੀ ਬਾਤ ਪਾਉਦੇ ਦਿਸੇ, ਹੜ੍ਹਾਂ ਨਾਲ ਹੋਈ ਤਬਾਹੀ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਦੀ ਕਰੀਬ 2500 ਏਕੜ ਜ਼ਮੀਨ ਵਿਚ ਬੀਜੀ ਫਸਲ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ | ਹੱਸਦੇ ਵਸਦੇ ਪਿੰਡ ਅੰਦਰ 50 ਦੇ ਕਰੀਬ ਘਰ ਸਨ ਜਿਨ੍ਹਾਂ ਵਿਚੋਂ ਕੁਝ ਗੁਆਂਢੀ ਦੇਸ਼ ਨਾਲ ਹੋਈਆਂ ਜੰਗਾਂ ਤੇ ਰਾਵੀ ਦੇ ਹੜ੍ਹਾਂ ਕਾਰਨ ਆਪਣੇ ਘਰ ਪਿੱਛੇ ਲੈ ਆਏ ਜਦੋਂ ਕਿ 25-30 ਘਰਾਂ ਦੀ ਵੱਸੋਂ ਅੱਜ ਵੀ ਪਿੰਡ ਵਿਚ ਹੈ | ਦਰਿਆ ਰਾਵੀ ਤੇ ਬਣੇ ਪੱਕੇ ਪੁੱਲ ਰਾਹੀਂ ਸਵੇਰ ਵੇਲੇ ਪਿੰਡ ਵਾਸੀ ਜ਼ਮੀਨਾਂ ਵਿਚ ਆਉਂਦੇ ਹਨ ਤੇ ਰਾਤ ਸਮੇਂ ਵਾਪਸ ਪਰਤ ਜਾਂਦੇ ਹਨ | ਹੜ੍ਹਾਂ ਦੌਰਾਨ ਪਿੰਡੇ 'ਤੇ ਹੰਢਾਏ ਸੰਤਾਪ ਨੂੰ ਦੱਸਦੇ ਉਨ੍ਹਾਂ ਦਾ ਮਨ ਭਰ ਆਉਂਦਾ ਹੈ ਤੇ ਕਈ ਆਪਣੀਆਂ ਅੱਖਾਂ 'ਚੋਂ ਹੰਝੂ ਨਹੀਂ ਰੋਕ ਸਕਦੇ | ਪਿੰਡ ਦੇ ਵਸਨੀਕ ਸਤਨਾਮ ਸਿੰਘ ਜੋ ਅੰਮਿ੍ਤਧਾਰੀ ਸਿੱਖ ਹੈ ਨੇ ਦੱਸਿਆ ਕਿ ਅਸੀ 10-12 ਏਕੜ ਤੇ ਖੇਤੀ ਕਰਦੇ ਹਾਂ, ਪਸ਼ੂ ਰੱਖੇ ਹੋਏ ਸਨ, 2 ਬੇਟੇ ਜੋ ਦਰਿਆ ਤੋਂ ਦੂਜੇ ਪਾਰ ਪਿੰਡ ਝੰਗੀ ਵਿਚ ਪਰਿਵਾਰ ਸਮੇਤ ਰਹਿੰਦੇ ਹਨ ,ਦਿਨ ਸਮੇਂ ਕੰਮ ਕਾਰ ਲਈ ਆਉਂਦੇ ਹਨ ਤੇ ਰਾਤ ਨੂੰ ਵਾਪਸ ਪਰਤ ਜਾਂਦੇ ਹਨ | ਹੜ੍ਹ ਵਾਲੀ ਰਾਤ ਵੀ ਉਹ ਰੋਜਾਨਾ ਦੀ ਤਰ੍ਹਾਂ ਵਾਪਸ ਆ ਗਏ ਤਾਂ ਰਾਤ ਨੂੰ ਹੜ੍ਹ ਨੇ ਪੂਰਾ ਖੇਤਰ ਘੇਰ ਲਿਆ, ਪਾਣੀ ਦੇ ਵਹਾਅ ਨੇ ਪਹਿਲੇ ਹੱਲੇ ਸਾਡਾ ਇਕ ਕਮਰਾ ਢਹਿ ਢੇਰੀ ਕਰ ਦਿੱਤਾ ਜਿਸ ਤੋਂ ਡਰਦੇ ਅਸੀਂ ਡੰਗਰਾਂ ਵਾਲੇ ਸ਼ੈੱਡ 'ਤੇ ਪਾਈਆਂ ਟੀਨਾਂ ਉੱਪਰ ਬੈਠ ਗਏ | ਵਰ੍ਹਦੇ ਮੀਂਹ ਤੇ ਹੜ੍ਹ ਦੇ ਤੇਜ ਪਾਣੀ ਤੋਂ ਭੈਅ, ਭੀਤ ਬਿਨਾ ਕਿਸੇ ਛੱਤ ਤੋਂ ਟੀਨਾਂ ਉੱਪਰ ਬੈਠੇ ਮੌਤ ਨੂੰ ਨੇੜੇ ਤੋਂ ਦੇਖਦੇ ਰਹੇ | ਸਤਨਾਮ ਸਿੰਘ ਨੇ ਦੱਸਿਆ ਕਿ ਖਸਤਾ ਹਾਲਤ ਮਕਾਨਾਂ ਦੇ ਢਹਿ ਜਾਣ ਦੇ ਡਰ ਤੋਂ ਅਜੇ ਵੀ ਟਰਾਲੀ ਵਿਚ ਰਹਿਣ ਬਸੇਰਾ ਕਰਨ ਲਈ ਮਜਬੂਰ ਹਨ | ਸਾਡਾ ਫੋਨ ਵੀ ਭਿੱਝ ਕੇ ਖ਼ਰਾਬ ਹੋ ਗਿਆ | ਜਿਸ ਕਾਰਨ ਪਿੱਛੇ ਸੰਪਰਕ ਨਾ ਰਿਹਾ ਤੇ ਰਿਸ਼ਤੇਦਾਰਾਂ ਸਮੇਤ ਪਰਿਵਾਰਕ ਮੈਂਬਰਾਂ ਨੇ ਸਾਨੂੰ ਮਰ ਗਏ ਸਮਝ ਲਿਆ | ਇਸੇ ਤਰ੍ਹਾਂ ਜਸਵੰਤ ਸਿੰਘ ਦੇ 6 ਪਸ਼ੂ, ਗੁਰਦੇਵ ਸਿੰਘ ਦੇ 3 ਪਸ਼ੂ ਤੇ ਇਕ ਪੋਲਟਰੀ ਫਾਰਮ ਵਿਚੋਂ 14 ਹਜਾਰ ਚੂਚੇ ਮਿੰਟਾਂ, ਸਕਿੰਟਾਂ 'ਚ ਦਰਿਆ ਦੀ ਭੇਟ ਚੜ੍ਹ ਗਏ, 2 ਦਿਨ ਤੇ 3 ਰਾਤਾਂ ਰੋਟੀ ਵੀ ਨਹੀਂ ਨਸੀਬ ਹੋਈ | ਪਾਣੀ ਦਾ ਵਹਾਅ ਘਟਨ ਪਿਛੋਂ ਇੰਜਣ ਵਾਲੀਆਂ ਕਿਸ਼ਤੀਆਂ ਰਾਹੀਂ ਸਮਾਜ ਸੇਵੀ ਤੇ ਪਰਿਵਾਰਕ ਮੈਂਬਰ ਪੁੱਜੇ ਜਿਨ੍ਹਾਂ ਨੂੰ ਵੇਖ ਧਾਹਾਂ ਨਿਕਲ ਗਈਆਂ ਕਿ ਅਸੀਂ ਮੌਤ ਦੇ ਮੂੰਹ ਤੋਂ ਕਿਵੇਂ ਬਚੇ | ਪਿੰਡ ਵਾਸੀਆਂ ਦੱਸਿਆ ਕਿ ਸਾਡੀਆਂ ਫਸਲਾਂ, ਪਸ਼ੂ, ਘਰ ਦਾ ਸਾਮਾਨ ਸਭ ਕੁਝ ਉਜੜ ਗਿਆ, ਮਕਾਨ ਢਹਿ ਗਏ, ਪਿੰਡ ਆਉਂਦੇ ਰਸਤੇ ਟੁੱਟ ਗਏ ਤੇ ਅਸੀ ਅੱਜ ਟਾਪੂਨੁਮਾ ਪਿੰਡ ਵਿਚ ਵਸ ਰਹੇ ਹਾਂ |