ਕਿਲ੍ਹਾ ਲਾਲ ਸਿੰਘ, 26 ਸਤੰਬਰ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਦੇ ਵਿਦਿਆਰਥੀਆਂ ਨੇ ਰੱਸਾਕਸੀ ਮੁਕਾਬਲਿਆਂ ਅੰਡਰ-14, 17 ਅਤੇ 19 ਲੜਕਿਆਂ ਨੇ ਜ਼ੋਨ ਕੋਟਲੀ ਸੂਰਤ ਮੱਲੀ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲਿਆ | ਇਹ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਾਹਿਬ ਧਾਰੀਵਾਲ ਵਿਖੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਵੱਖ-ਵੱਖ ਜ਼ੋਨਾਂ ਦੀਆਂ ਟੀਮਾਂ ਨੇ ਹਿੱਸਾ ਲਿਆ | ਰੱਸਾਕਸੀ ਅੰਡਰ-14 ਮੁੰਡਿਆਂ ਦੀ ਟੀਮ ਨੇ ਪਹਿਲੇ ਮੁਕਾਬਲੇ 'ਚ ਜ਼ੋਨ ਬਟਾਲਾ ਦੀ ਟੀਮ ਨੂੰ ਹਰਾਇਆ, ਦੂਜੇ ਮੁਕਾਬਲੇ ਵਿਚ ਜ਼ੋਨ ਘਣੀਏ-ਕੇ-ਬਾਂਗਰ ਦੀ ਟੀਮ ਨੂੰ ਹਰਾਇਆ | ਤੀਸਰਾ ਮੁਕਾਬਲਾ ਜ਼ੋਨ ਸ੍ਰੀ ਹਰਗੋਬਿੰਦਪੁਰ ਦੀ ਟੀਮ ਨਾਲ ਹੋਇਆ ਤੇ ਐਕਸੈਲਸ਼ੀਅਰ ਸਕੂਲ ਬਿਜਲੀਵਾਲ ਦੀ ਰੱਸਾਕਸੀ ਅੰਡਰ-14 ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਰੱਸਾਕਸੀ ਮੁਕਾਬਲਿਆਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ 3 ਵਿਦਿਆਰਥੀਆਂ ਗੁਰਤਾਜ ਸਿੰਘ, ਜੋਤਵੀਰ ਸਿੰਘ ਤੇ ਮਨਜੋਤ ਸਿੰਘ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ | ਜਿੱਤ ਪ੍ਰਾਪਤ ਕਰਕੇ ਸਕੂਲ ਪਹੁੰਚਣ 'ਤੇ ਵਿਦਿਆਰਥੀਆਂ ਦਾ ਸਕੂਲ ਪਿ੍ੰਸੀਪਲ ਸ੍ਰੀਮਤੀ ਤੇਜਿੰਦਰ ਕੌਰ ਤੇ ਸਮੂਹ ਸਟਾਫ਼ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਨੇ ਵਿਦਿਆਰਥੀਆਂ, ਮਾਪਿਆਂ ਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |