ਜੌੜਾ ਛੱਤਰਾਂ, 27 ਸਤੰਬਰ (ਪਰਮਜੀਤ ਸਿੰਘ ਘੁੰਮਣ)-ਪਿੰਡ ਸ਼ੇਖੂਪੁਰ ਦੀ ਰਹਿਣ ਵਾਲੀ ਨਿਰਮਲ ਕੌਰ ਪਤਨੀ ਦਲਬੀਰ ਸਿੰਘ ਨੇ ਆਪਣੇ ਪੁੱਤਰ ਜਗਜੀਵਨ ਸਿੰਘ ਦੀ ਮੌਤ ਸਬੰਧੀ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਐਸ.ਐਸ.ਪੀ ਗੁਰਦਾਸਪੁਰ ਤੋਂ ਮੰਗ ਕਰਦੇ ਹੋਏ ਹਲਫੀਆ ਬਿਆਨ 'ਚ ਦੱਸਿਆ ਕਿ ਉਸ ਦਾ ਪੁੱਤਰ ਜਗਜੀਵਨ ਸਿੰਘ ਆਪਣੀ ਪਤਨੀ ਅਮਨਦੀਪ ਕੌਰ ਨਾਲ ਘਰ ਤੋਂ ਵੱਖ ਰਹਿੰਦਾ ਸੀ ਅਤੇ ਦੋਵੇਂ ਆਪਣਾ ਖਰਚਾ ਤੇ ਕਾਰੋਬਾਰ ਆਪ ਕਰਦੇ ਸਨ | ਉਸ ਨੇ ਪਿਛਲੇ ਸਾਲ ਆਪਣੀ ਹਿੱਸੇਦਾਰੀ ਵਾਲੀ ਜ਼ਮੀਨ ਵੇਚ ਕੇ ਪੈਸੇ ਪ੍ਰਾਪਤ ਕੀਤੇ ਸਨ | ਪਰ ਪਤਨੀ ਅਤੇ ਉਸ ਦੇ ਪਰਿਵਾਰ ਵਲੋਂ ਇਹ ਪੈਸੇ ਖ਼ੁਰਦ-ਬੁਰਦ ਕਰ ਦਿੱਤੇ ਗਏ | ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾ ਹੋਣ ਅਤੇ ਕੁਝ ਪੈਸੇ ਪਤਨੀ ਵਲੋਂ ਆਪਣੇ ਕੋਲ ਰੱਖ ਲਏ ਜਾਣ ਕਾਰਨ ਉਹ ਲੰਬੇ ਸਮੇਂ ਤੋਂ ਪ੍ਰੇਸ਼ਾਨ ਸੀ | ਮਾਂ ਦਾ ਕਹਿਣਾ ਹੈ ਕਿ ਜਗਜੀਵਨ ਸਿੰਘ ਇਕ ਅਮੁੱਲ ਡੇਅਰੀ 'ਤੇ ਸੇਲ ਦੇ ਕੰਮ ਨਾਲ ਜੁੜਿਆ ਸੀ ਜੋ ਪਤਨੀ ਦੇ ਨਾਮ ਸੀ | ਇਸ ਕਾਰੋਬਾਰ ਦੀ ਸਾਰੀ ਕਮਾਈ ਉਸ ਦੀ ਪਤਨੀ ਦੇ ਖਾਤੇ ਵਿਚ ਜਾਂਦੀ ਸੀ | ਜਦਕਿ ਜਗਜੀਵਨ ਸਿੰਘ ਨੂੰ ਆਪਣੇ ਖ਼ਰਚ ਲਈ ਪੈਸਾ ਨਹੀਂ ਮਿਲਦਾ ਸੀ | ਮੌਤ ਤੋਂ ਬਾਅਦ ਇਹ ਵੀ ਸਾਹਮਣੇ ਆਇਆ ਕਿ ਉਸ ਨੇ ਕਈ ਲੋਕਾਂ ਤੋਂ ਪੈਸੇ ਉਧਾਰ ਲਏ ਹੋਏ ਸਨ ਅਤੇ ਉਹ ਵਾਰ-ਵਾਰ ਪਤਨੀ ਤੋਂ ਪੈਸੇ ਮੰਗਦਾ ਸੀ ਤਾਂ ਜੋ ਕਰਜ਼ੇ ਵਾਪਸ ਕਰ ਸਕੇ | ਪਰ ਉਸ ਨੰੂ ਪੈਸਾ ਨਹੀਂ ਦਿੱਤਾ ਜਾਂਦਾ ਸੀ | ਨਿਰਮਲ ਕੌਰ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਚੱਲ ਰਹੇ ਘਰੇਲੂ ਕਲੇਸ਼ਾਂ ਕਾਰਨ ਉਸ ਦਾ ਪੁੱਤਰ ਤਣਾਅ ਵਿਚ ਰਿਹਾ ਅਤੇ ਬੀਤੇ ਦਿਨ ਉਸ ਨੇ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਘਟਨਾ ਸਮੇਂ ਪਰਿਵਾਰ ਦਾ ਕੋਈ ਮੈਂਬਰ ਘਰ ਵਿਚ ਮੌਜੂਦ ਨਹੀਂ ਸੀ ਅਤੇ ਨਾ ਹੀ ਕਿਸੇ ਕਿਸਮ ਦੀ ਝਗੜੇ ਵਾਲੀ ਗੱਲਬਾਤ ਹੋਈ ਸੀ | ਪਰ ਫਿਰ ਵੀ ਲੜਕੀ ਦੇ ਭਰਾ ਵਲੋਂ ਸਿਆਸੀ ਪ੍ਰਭਾਵ ਨਾਲ ਸਾਡੇ 'ਤੇ ਧੱਕੇ ਨਾਲ ਪੂਰੇ ਪਰਿਵਾਰ 'ਤੇ ਹੀ ਨਜਾਇਜ਼ ਪਰਚਾ ਕਰਵਾ ਦਿੱਤਾ ਹੈ ਜੋ ਸਰਾਸਰ ਗ਼ਲਤ ਹੈ | ਉਨ੍ਹਾਂ ਵਲੋਂ ਐਸ.ਐਸ.ਪੀ ਗੁਰਦਾਸਪੁਰ ਨੂੰ ਬੇਨਤੀ ਕੀਤੀ ਹੈ ਕਿ ਇਸ ਘਟਨਾ ਦੀ ਗੰਭੀਰ ਜਾਂਚ ਕੀਤੀ ਜਾਵੇ, ਜਗਜੀਵਨ ਸਿੰਘ ਤੇ ਉਸ ਦੀ ਪਤਨੀ ਦੇ ਮੋਬਾਈਲ ਫੋਨਾਂ ਦੀ ਜਾਂਚ ਕੀਤੀ ਜਾਵੇ, ਅਸਲ ਸੱਚ ਸਾਹਮਣੇ ਲਿਆ ਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਨਾਲ ਹੀ ਪਰਿਵਾਰ 'ਤੇ ਬਣਿਆ ਨਾਜਾਇਜ਼ ਪਰਚਾ ਰੱਦ ਕਰਨ ਦੀ ਵੀ ਮੰਗ ਕੀਤੀ ਗਈ ਹੈ | ਨਿਰਮਲ ਕੌਰ ਦਾ ਕਹਿਣਾ ਹੈ ਕਿ ਉਹ ਸਿਰਫ਼ ਇਕ ਮਾਂ ਹੋਣ ਦੇ ਨਾਤੇ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਹੀ ਹੈ ਅਤੇ ਅਸਲ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ |