ਗੁਰਦਾਸਪੁਰ, 27 ਸਤੰਬਰ (ਅਸ਼ੋਕ ਸ਼ਰਮਾ/ਗੁਰਪ੍ਰਤਾਪ ਸਿੰਘ)-ਸਥਾਨਿਕ ਸ਼ਹਿਰ ਦੇ ਮੁਹੱਲਾ ਨੰਗਲ ਕੋਟਲੀ ਵਿਖੇ ਗੰਦਗੀ ਨਾਲ ਡੇਂਗੂ ਫੈਲ ਗਿਆ ਹੈ ਅਤੇ ਇਕ ਦਰਜਨ ਤੋਂ ਵੱਧ ਲੋਕ ਡੇਂਗੂ ਨਾਲ ਪੀੜਤ ਹੋ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤੋਸ਼ ਕੁਮਾਰੀ, ਰਿਸ਼ੀਆ, ਨੀਰਜ, ਅਰਵਿੰਦ, ਕੰਚਨ, ਸੰਚਿਤਾ ਕੁਮਾਰੀ ਤੇ ਹੋਰ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਡੇਂਗੂ ਫੈਲਣ ਦਾ ਮੁੱਖ ਕਾਰਨ ਨਗਰ ਕੌਂਸਲ ਦੇ ਕਰਮਚਾਰੀਆਂ ਵਲੋਂ ਸਹੀ ਤਰੀਕੇ ਨਾਲ ਨਾਲਿਆਂ ਅਤੇ ਕੂੜੇ ਦੇ ਸਫ਼ਾਈ ਨਾ ਕਰਨਾ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਹੋਈ ਬੇਮੌਸਮੀ ਬਰਸਾਤ ਕਾਰਨ ਮੱਛਰ ਮੱਖੀ ਤੇ ਕੀੜੇ ਮਕੌੜਿਆਂ ਦੀ ਕਾਫ਼ੀ ਭਰਮਾਰ ਹੈ ਅਤੇ ਗਲੀਆਂ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਮੱਖੀਆਂ ਮੱਛਰ ਪੈਦਾ ਹੋ ਗਿਆ ਹੈ | ਜਿਸ ਕਾਰਨ ਡੇਂਗੂ ਦੀ ਬਿਮਾਰੀ ਦਿਨੋਂ ਦਿਨ ਪੈਰ ਪਸਾਰ ਰਹੀ ਹੈ | ਪਰ ਸਿਹਤ ਵਿਭਾਗ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਕਿਹਾ ਕਿ ਮੁਹੱਲੇ ਵਿਚ ਸਪਰੇਅ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਸਿਹਤ ਵਿਭਾਗ ਦੀ ਲਾਪਰਵਾਹੀ ਕਾਰਨ ਲੋਕ ਬਿਮਾਰੀਆਂ ਦੀ ਗਿ੍ਫ਼ਤ ਵਿਚ ਆ ਰਹੇ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਸਿਵਲ ਸਰਜਨ ਗੁਰਦਾਸਪੁਰ ਨੰੂ ਨਿਰਦੇਸ਼ ਜਾਰੀ ਕਰਕੇ ਮੁਹੱਲੇ ਅੰਦਰ ਫੈਲੀ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ, ਜਿਸ ਨਾਲ ਲੋਕ ਭਿਆਨਕ ਬਿਮਾਰੀਆਂ ਦੀ ਗਿ੍ਫ਼ਤ ਤੋਂ ਬਚ ਸਕਣ |