ਗੁਰਦਾਸਪੁਰ, 27 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਪਿਛਲੇ ਕਈ ਦਿਨਾਂ ਤੋਂ ਬੰਦ ਹੋਣ ਕਾਰਨ ਜਨਤਾ ਨੰੂ ਆਪਣੇ ਕੰਮਕਾਜ ਕਰਵਾਉਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਆਪਣੇ ਕੰਮਕਾਜ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਉਹ ਟਰਾਂਸਪੋਰਟ ਦਫ਼ਤਰ ਗੁਰਦਾਸਪੁਰ ਕੰਮ ਕਰਵਾਉਣ ਜਾਂਦੇ ਹਨ ਅਤੇ ਲਰਨਿੰਗ ਲਾਇਸੈਂਸ ਲਈ ਅਰਜ਼ੀ ਅਪਲਾਈ ਕਰਨ ਤੋਂ ਬਾਅਦ ਪੋਰਟਲ ਟੈੱਸਟ ਦੌਰਾਨ ਬਹੁਤੇ ਲੋਕਾਂ ਦਾ ਟੈੱਸਟ ਐਰਰ ਦਿਖਾਈ ਦੇ ਰਿਹਾ ਹੈ | ਜਿਸ ਕਰਕੇ ਇਹ ਕੰਮ ਪਿਛਲੇ ਇਕ ਹਫ਼ਤੇ ਤੋਂ ਚੱਲ ਰਿਹਾ ਹੈ | ਪਰ ਵਿਭਾਗ ਇਸ ਪਾਸੇ ਗੰਭੀਰਤਾ ਨਹੀਂ ਲੈ ਰਿਹਾ | ਜਿਸ ਕਾਰਨ ਲੋਕ ਮਹਿਕਮੇ ਦੇ ਅਧਿਕਾਰੀਆਂ ਤੋਂ ਕਾਫ਼ੀ ਖ਼ਫ਼ਾ ਹਨ | ਇਸ ਸਬੰਧੀ ਜਦੋਂ ਮਹਿਕਮੇ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਮੁੱਖ ਦਫ਼ਤਰ 'ਚ ਤਕਨੀਕੀ ਸਮੱਸਿਆ ਚੱਲਣ ਕਾਰਨ ਖਪਤਕਾਰਾਂ ਨੰੂ ਮੁਸ਼ਕਿਲਾਂ ਆ ਰਹੀਆਂ ਹਨ | ਜਦੋਂ ਇਸ ਸਬੰਧੀ ਆਰ.ਟੀ.ਓ ਨਵਜੋਤ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਹਿਕਮੇ ਨਾਲ ਰਾਬਤਾ ਕਰ ਰਹੇ ਹਨ ਅਤੇ ਇਹ ਸਮੱਸਿਆ ਜਲਦ ਹੱਲ ਹੋ ਜਾਵੇਗੀ |