25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਪਿੰਡ ਤਿੱਬੜ 'ਚ ਫੈਲਿਆ ਡੇਂਗੂ, ਲੋਕਾਂ ਵਿਚ ਡਰ ਦਾ ਮਾਹੌਲ

Ad Position 21
No active advertisement
ਅਜੀਤ ਡੈਸਕ 19-10-2025
ਤਿੱਬੜ, 18 ਅਕਤੂਬਰ (ਬੋਪਾਰਾਏ)-ਪਿੰਡਾਂ ਅੰਦਰ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕਾਂ 'ਚ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ | ਗੁਰਦਾਸਪੁਰ ਜ਼ਿਲ੍ਹੇ ਦੇ ਵੱਡੀ ਆਬਾਦੀ ਵਾਲੇ ਪਿੰਡ ਤਿੱਬੜ 'ਚ ਇਸ ਵੇਲੇ ਡੇਂਗੂ ਵਰਗੀ ਮਹਾਂਮਾਰੀ ਨੇ ਦਸਤਕ ਦੇ ਕੇ ਪਿੰਡ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ | ਪਿੰਡ ਵਿਚ 150 ਤੋਂ ਵਧੇਰੇ ਮਰੀਜ਼ ਡੇਂਗੂ ਤੋਂ ਪੀੜਤ ਹਨ | ਹਾਲਾਂਕਿ ਸਿਹਤ ਵਿਭਾਗ ਗੁਰਦਾਸਪੁਰ ਪਿੰਡ ਵਿਚ ਡੇਂਗੂ ਦੇ ਨਾਲ ਤਿੰਨ ਮੌਤਾਂ ਬਾਰੇ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ ਪਰ ਲੋਕਾਂ ਅੰਦਰ ਡੇਂਗੂ ਨੂੰ ਲੈ ਕੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ | ਪਿੰਡ ਵਾਸੀਆਂ ਵਲੋਂ ਦੱਸਣ ਦੇ ਮੁਤਾਬਿਕ ਇਸ ਵੇਲੇ ਪਿੰਡ ਦੇ ਅੰਦਰ 150 ਤੋਂ ਵੱਧ ਮਰੀਜ਼ ਡੇਂਗੂ ਤੋਂ ਪੀੜਤ ਹਨ, ਜੋ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ, ਪ੍ਰਾਈਵੇਟ ਡਾਕਟਰਾਂ ਤੇ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਆਪਣਾ ਇਲਾਜ ਕਰਵਾ ਰਹੇ ਹਨ | ਹਾਲਾਂਕਿ ਸਿਹਤ ਵਿਭਾਗ ਵਲੋਂ ਪਿੰਡ ਅੰਦਰ ਡੇਂਗੂ ਦੇ ਬਚਾਅ ਲਈ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ | ਪਿੰਡ ਦੇ ਵਿਚਕਾਰ ਪੈਂਦੇ ਮੁਹੱਲਾ ਵੱਡਾ ਖੂਹ ਨਿਵਾਸੀਆਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਹਾਲੇ ਤੱਕ ਉਨ੍ਹਾਂ ਦੇ ਕਹਿਣ ਮੁਤਾਬਿਕ ਸਰਕਾਰੀ ਅਧਿਕਾਰੀ ਜਾਂ ਸਿਹਤ ਵਿਭਾਗ ਦਾ ਕੋਈ ਕਰਮਚਾਰੀ ਇਸ ਮੁਹੱਲੇ 'ਚ ਦਵਾਈ ਦੀ ਸਪਰੇਅ ਲਈ ਨਹੀਂ ਪਹੁੰਚਿਆ | ਜਦ ਕਿ ਡੇਂਗੂ ਫੈਲਣ ਦਾ ਕਾਰਨ ਪਿੰਡ ਵਾਸੀ ਇਸ ਖੂਹ ਨੰੂ ਸਮਝ ਰਹੇ ਹਨ | ਉਨ੍ਹਾਂ ਮੁਤਾਬਿਕ ਡੇਂਗੂ ਦਾ ਲਾਰਵਾ ਇਸ ਖੂਹ 'ਚੋਂ ਹੀ ਬਾਕੀ ਮੁਹੱਲਿਆਂ ਵਿਚ ਫੈਲ ਰਿਹਾ ਹੈ | ਮੁਹੱਲਾ ਨਿਵਾਸੀਆਂ ਅਨੁਸਾਰ ਇਸ ਮੁਹੱਲੇ 'ਚ ਪੰਜ ਦਰਜਨ ਤੋਂ ਵੱਧ ਲੋਕ ਡੇਂਗੂ ਤੋਂ ਪੀੜਤ ਹਨ | ਆਮ ਆਦਮੀ ਕਲੀਨਿਕ ਤਿੱਬੜ 'ਚ ਤਾਇਨਾਤ ਰੂਰਲ ਮੈਡੀਕਲ ਅਫ਼ਸਰ ਡਾ. ਮਨਿੰਦਰ ਕੌਰ ਨੇ ਵੀ ਕਿਹਾ ਕਿ ਇਸ ਪਿੰਡ 'ਚ 100 ਤੋਂ ਵੱਧ ਲੋਕ ਡੇਂਗੂ ਤੋਂ ਪੀੜਤ ਹਨ ਪਰ ਉਨ੍ਹਾਂ ਨੇ ਪਿੰਡ ਦੇ ਵਿਚ ਡੇਂਗੂ ਕਾਰਨ ਹੋਈਆਂ ਮੌਤਾਂ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਨੰੂ ਚਾਹੀਦਾ ਹੈ ਕਿ ਉਹ ਆਪਣੇ ਆਲੇ ਦੁਆਲੇ ਖੜੇ੍ਹ ਸਾਫ਼ ਪਾਣੀ ਜਿਥੇ ਡੇਂਗੂ ਦਾ ਲਾਰਵਾ ਪੈਦਾ ਹੁੰਦਾ ਹੈ, ਨਾ ਖੜਾ ਹੋਣ ਦੇਣ | ਸਿਹਤ ਕਰਮੀ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ 21 ਸਿਹਤ ਕਰਮੀ, 20 ਨਰਸਿੰਗ ਸਟੂਡੈਂਟ, 10 ਬਰੀਡਿੰਗ ਚੈਕਰ ਤੇ ਚਾਰ ਹੈਲਥ ਇੰਸਪੈਕਟਰ ਤਿੱਬੜ 'ਚ ਲੋਕਾਂ ਦੀ ਸਿਹਤ ਦੀ ਜਾਂਚ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਗੁਰਦਾਸਪੁਰ ਵਲੋਂ ਵੀ ਸ਼ੁੱਕਰਵਾਰ ਨੰੂ ਪਿੰਡ ਤਿੱਬੜ ਦਾ ਦੌਰਾ ਕਰਕੇ ਸਿਹਤ ਕਰਮਚਾਰੀਆਂ ਨੂੰ ਇਸ ਸੰਬੰਧੀ ਹਰ ਕਦਮ ਚੁੱਕਣ ਦੀ ਹਦਾਇਤ ਕੀਤੀ ਗਈ ਹੈ | ਸਿਹਤ ਕਰਮੀ ਰਣਜੀਤ ਸਿੰਘ ਕਾਹਲੋਂ ਤੇ ਮਹਿੰਦਰ ਪਾਲ ਨੇ ਦੱਸਿਆ ਕਿ ਪਿੰਡ ਤਿੱਬੜ ਵਿਚ ਡੇਂਗੂ ਤੇ ਵਾਰ ਸ਼ੁੱਕਰਵਾਰ ਮੁਹਿੰਮ ਨੰੂ ਕਾਮਯਾਬ ਬਣਾਉਣ ਲਈ ਲੋਕਾਂ ਦੇ ਘਰਾਂ 'ਚ ਜਾ ਕੇ ਫਰਿਜਾਂ ਦੇ ਕੰਟੇਨਰਾਂ ਅਤੇ ਕੂਲਰਾਂ ਵਿਚ ਖੜੇ੍ਹ ਪਾਣੀ ਨੰੂ ਖ਼ਤਮ ਕੀਤਾ ਜਾ ਰਿਹਾ ਹੈ | ਪਿੰਡ ਤਿੱਬੜ ਵਾਸੀ ਦੁਕਾਨਦਾਰ ਪਿ੍ਥੀ ਰਾਜ ਨੇ ਦੱਸਿਆ ਕਿ ਉਹ ਡੇਂਗੂ ਤੋਂ ਪੀੜਤ ਸੀ ਤੇ ਉਹ ਉਸ ਦਿਨ ਪਹਿਲਾਂ ਹੀ ਆਪਣਾ ਇਲਾਜ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਕੇ ਆਪਣੇ ਘਰ ਪਰਤਿਆ ਹੈ | ਪਿੰਡ ਵਾਸੀ ਅਨਿਲ ਕੁਮਾਰ ਨੇ ਦੱਸਿਆ ਕਿ ਮੇਰਾ ਭਰਾ, ਭਰਜਾਈ ਤੇ ਮੇਰੀ ਮਾਤਾ ਸਰਕਾਰੀ ਹਸਪਤਾਲ ਗੁਰਦਾਸਪੁਰ 'ਚ ਡੇਂਗੂ ਦਾ ਇਲਾਜ ਕਰਵਾ ਰਹੇ ਹਨ | ਨਰਿੰਦਰ ਕੁਮਾਰ ਤੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਵੀ ਆਪਣਾ ਇਲਾਜ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਰਹੇ ਹਨ | ਗੋਬਿੰਦ ਰਾਣੀ, ਰੌਸ਼ਨ ਲਾਲ, ਵਰਿੰਦਰ ਕੁਮਾਰ ਤੇ ਅੰਮਿ੍ਤ ਪਾਲ ਵੀ ਵੱਖ-ਵੱਖ ਹਸਪਤਾਲਾਂ 'ਚ ਡੇਂਗੂ ਦਾ ਇਲਾਜ ਕਰਵਾ ਰਹੇ ਹਨ | ਨੀਲਮ ਕੁਮਾਰ ਨੇ ਦੱਸਿਆ ਕਿਉਸ ਦੇ ਛੇ ਪਰਿਵਾਰ ਡੇਂਗੂ ਤੋਂ ਪੀੜਤ ਹਨ, ਜੋ ਆਪਣਾ ਇਲਾਜ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਰਹੇ ਹਨ | ਪੀੜਤ ਲੋਕਾਂ ਨੇ ਦੱਸਿਆ ਕਿ ਸਿਹਤ ਵਿਭਾਗ ਕੇਵਲ ਖਾਨਾ ਪੂਰਤੀ ਕਰਨ 'ਤੇ ਲੱਗਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਗਰੀਨ ਦੀਵਾਲੀ ਮਨਾਉਣ ਲਈ ਬੱਚਿਆਂ ਨੂੰ ਕੀਤਾ ਪ੍ਰੇਰਿਤ ਅਗਲੀ ਖ਼ਬਰ ਅਮਰੀਕ ਸਿੰਘ ਕਿਸ਼ਨਕੋਟ ਵਲੋਂ ਚੂਹੇਵਾਲ-ਉਦੋਕੇ ਸੜਕ ਦੇ ਕੰਮ ਦਾ ਉਦਘਾਟਨ <br/>
Ad Position 24