ਡੇਰਾ ਬਾਬਾ ਨਾਨਕ, 31 ਅਕਤੂਬਰ (ਵਿਜੇ ਸ਼ਰਮਾ)-ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ 'ਸਿੱਖੀ ਸੇਵਾ ਮਿਸ਼ਨ ਯੂ.ਕੇ.' ਵਲੋਂ ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਲਗਾਏ ਜਾ ਰਹੇ ਮੁਫ਼ਤ ਅੱਖਾਂ ਦੇ ਕੈਂਪਾਂ ਦੀ ਲੜੀ ਤਹਿਤ ਪਿੰਡ ਸਮਰਾਇ ਵਿਖੇ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ ਡੇਰਾ ਬਾਬਾ ਨਾਨਕ' ਦੇ ਪ੍ਰਬੰਧਾਂ ਹੇਠ ਅੱਖਾਂ ਦਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰਾਂ ਵਲੋਂ 120 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ ਦਵਾਈਆਂ ਦੀ ਵੰਡ ਕੀਤੀ ਗਈ | ਇਸ ਮੌਕੇ ਮਿਸ਼ਨ ਦੇ ਚੇਅਰਮੈਨ ਬਾਬਾ ਬਲਬੀਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਦੱਸਿਆ ਕਿ 'ਸਿੱਖੀ ਸੇਵਾ ਮਿਸ਼ਨ ਯੂ.ਕੇ.' ਦੇ ਚੇਅਰਮੈਨ ਰਾਜਬੀਰ ਸਿੰਘ ਕੁਲਾਰ ਵਲੋਂ ਹਰ ਮਹੀਨੇ ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਲੜੀਵਾਰ 2 ਕੈਂਪ ਲਗਾਏ ਜਾਂਦੇ ਹਨ, ਜਿਸ ਦੌਰਾਨ ਜਿਥੇ ਮਰੀਜ਼ਾਂ ਦੀ ਅਧੁਨਿਕ ਮਸ਼ੀਨਾਂ ਨਾਲ ਅੱਖਾਂ ਦਾ ਜਾਂਚ ਕੀਤੀ ਜਾਂਦੀ ਹੈ, ਉਥੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਤੇ ਦਵਾਈਆਂ ਦੀ ਵੰਡ ਵੀ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਨਾਮ ਸੇਵਾ ਮਿਸ਼ਨ ਦੇ ਪ੍ਰਬੰਧਾਂ ਹੇਠ ਆਈ ਕੇਅਰ ਸੈਂਟਰ ਵੀ ਚਲਾਇਆ ਜਾ ਰਿਹਾ ਹੈ | ਇਸ ਮੌਕੇ ਸਰਪੰਚ ਸ਼ਰਨਜੀਤ ਸਿੰਘ, ਬਾਬਾ ਰਣਜੀਤ ਸਿੰਘ, ਮੋਹਨ ਸਿੰਘ, ਜੁਗਿੰਦਰ ਸਿੰਘ, ਸੇਵਕ ਸਿੰਘ, ਗੁਰਮੀਤ ਸਿੰਘ, ਪ੍ਰਭਨੂਰ ਸਿੰਘ ਆਦਿ ਹਾਜ਼ਰ ਸਨ |