ਕਲਾਨੌਰ, 1 ਨਵੰਬਰ (ਪੁਰੇਵਾਲ)- ਕਲਾਨੌਰ 'ਚੋਂ ਗੁਜਰਦੇ ਕਿਰਨ ਨਾਲਾ ਸੱਕੀ 'ਚ ਲੰਘੇ ਮਹੀਨੇ ਆਏ ਹੜ੍ਹ ਮਾਰੂ ਪਾਣੀ ਨੇ ਫ਼ਸਲਾਂ ਦੀ ਵੱਡੀ ਤਬਾਹੀ ਕੀਤੀ ਅਤੇ ਇਸ ਪਾਣੀ ਨਾਲ ਢੇਰ (ਡੰਪ) ਕੀਤੀਆਂ ਪਰਾਲੀ ਦੀਆਂ ਗੱਠਾਂ ਰੁੜ੍ਹ ਕੇ ਨਾਲ ਲੱਗਦੇ ਖੇਤਾਂ 'ਚ ਆਉਣ ਕਾਰਨ ਕਿਸਾਨ ਵੱਡੀ ਪ੍ਰੇਸ਼ਾਨੀ 'ਚ ਹੈ | ਪੀੜਤ ਕਿਸਾਨ ਕੁਲਵਿੰਦਰ ਸਿੰਘ ਵਾਸੀ ਕਲਾਨੌਰ ਨੇ ਕਿਹਾ ਕਿ ਇਕ ਤਾਂ ਹੜ੍ਹ ਦੇ ਪਾਣੀ ਨੇ ਫ਼ਸਲ ਤਬਾਹ ਕਰ ਦਿੱਤੀ, ਦੂਜਾ ਹੁਣ ਡੰਪ ਕੀਤੀਆਂ ਪਰਾਲੀਆਂ ਦੀਆਂ ਵੱਡੀਆਂ ਗੱਠਾਂ ਖੇਤਾਂ 'ਚ ਹੋਣ ਕਾਰਨ ਕਣਕ ਦੀ ਬਿਜਾਈ ਪ੍ਰਭਾਵਿਤ ਹੋ ਰਹੀ ਹੈ | ਪੀੜਤ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਕਲਾਨੌਰ ਦੇ ਬਾਹਰਵਾਰ ਅਗਵਾਨ ਮਾਰਗ 'ਤੇ ਸਥਿਤ ਹਨ ਅਤੇ ਇਥੇ ਇਕ ਕਾਰੋਬਾਰੀ ਵਲੋਂ ਪਿਛਲੇ ਸਮੇਂ ਤੋਂ ਪਰਾਲੀ ਦੀਆਂ ਵੱਡੀਆਂ ਗੱਠਾਂ ਡੰਪ ਕੀਤੀਆਂ ਹੋਈਆਂ ਹਨ, ਜੋ ਬੀਤੇ ਦਿਨ ਹੜ੍ਹ ਦੇ ਪਾਣੀ ਨਾਲ ਉਨ੍ਹਾਂ ਦੇ ਖੇਤ 'ਚ ਰੁਕ ਗਈਆਂ ਤੇ ਉਸ ਦੀ ਕਰੀਬ ਇਕ ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਅਤੇ ਹੁਣ ਜਦੋਂ ਕਣਕ ਦੀ ਬਿਜਾਈ ਕਰਨ ਦਾ ਸਮਾਂ ਹੈ ਤਾਂ ਗੱਠਾਂ ਅੜਿੱਕਾ ਬਣ ਰਹੀਆਂ ਹਨ | ਇਥੇ ਹੀ ਬੱਸ ਨਹੀਂ ਇਨ੍ਹਾਂ ਗੱਠਾਂ ਕਾਰਨ ਚੂਹੇ ਆਦਿ ਵੀ ਪੈਦਾ ਹੋ ਰਹੇ ਹਨ, ਜੋ ਆਗਾਮੀ ਕਣਕ ਦੀ ਫ਼ਸਲ ਦਾ ਹੋਰ ਨੁਕਸਾਨ ਕਰਨਗੇ | ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਗੱਠਾਂ ਦੀ ਚੁਕਾਈ ਲਈ ਸਬੰਧਤ ਅਦਾਰੇ ਦੇ ਨੁਮਾਇੰਦਿਆਂ ਦੇ ਧਿਆਨ 'ਚ ਲਿਆਉਣ ਤੋਂ ਇਲਾਵਾ ਐੱਸ.ਡੀ.ਐੱਮ. ਕਲਾਨੌਰ ਨੂੰ ਵੀ ਆਪਣੀ ਮੁਸ਼ਕਿਲ ਸਬੰਧੀ ਜਾਣੂ ਕਰਵਾਇਆ ਗਿਆ ਹੈ, ਜਦਕਿ ਅਜੇ ਤੱਕ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ | ਕਿਸਾਨ ਕੁਲਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕਿ ਉਹ ਇਕ ਛੋਟਾ ਕਿਸਾਨ ਤੇ ਉਸ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇ ਤਾਂ ਜੋ ਆਪਣੇ ਇਕ ਏਕੜ ਖੇਤ 'ਚ ਕਣਕ ਦੀ ਫ਼ਸਲ ਦੀ ਕਾਸ਼ਤ ਕਰ ਸਕੇ |