ਡੇਰਾ ਬਾਬਾ ਨਾਨਕ, 1 ਨਵੰਬਰ (ਵਿਜੇ ਸ਼ਰਮਾ)- ਪਿਛਲੇ ਦਿਨੀਂ ਸਰਹੱਦੀ ਖੇਤਰ ਅੰਦਰ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਸਹਾਇਤਾ ਲਈ ਪਿੰਡ ਅਲੀਪੁਰ ਦੀ ਸੰਗਤ ਅਤੇ ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਪੱਖੋਕੇ ਮਹਿਮਾਰਾਂ ਦੇ ਪੀੜਤ ਪਰਿਵਾਰਾਂ ਨੂੰ ਬੀਜ ਤੇ ਡੀਜ਼ਲ ਦੀ ਵੰਡ ਕੀਤੀ ਗਈ | ਇਸ ਮੌਕੇ ਸਹਿਯੋਗੀ ਸੱਜਣਾਂ ਨੇ ਕਿਹਾ ਕਿ ਹੜ੍ਹ ਰੂਪੀ ਤ੍ਰਾਸਦੀ ਨੇ ਜਿੱਥੇ ਪੰਜਾਬ ਦੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ ਉੱਥੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਵੀ ਬਰਬਾਦ ਹੋ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਮੁੜ ਪੈਰਾਂ ਉੱਪਰ ਖੜਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਕਿਸਾਨ ਵੀਰਾਂ ਦਾ ਸਹਿਯੋਗ ਕਰੀਏ | ਇਸ ਤੋਂ ਪਹਿਲਾਂ ਸਾਬਕਾ ਚੇਅਰਮੈਨ ਮਨਮੋਹਨ ਸਿੰਘ ਪੱਖੋਕੇ, ਸਤਵਿੰਦਰ ਸਿੰਘ ਖਲੀਲਪੁਰ, ਬਲਜੀਤ ਸਿੰਘ ਪੱਖੋਕੇ ਸਮੇਤ ਪਿੰਡ ਵਾਸੀਆਂ ਵਲੋਂ ਸਹਿਯੋਗੀ ਟੀਮ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਜਥੇ. ਬੂਟਾ ਸਿੰਘ, ਬਲਬੀਰ ਸਿੰਘ ਸਰਪੰਚ, ਜਰਨੈਲ ਸਿੰਘ ਫ਼ੌਜੀ, ਅਮਰਜੀਤ ਸਿੰਘ ਨੰਬਰਦਾਰ, ਮੱਖਣ ਸਿੰਘ, ਨਛੱਤਰ ਸਿੰਘ ਆਦਿ ਵੀ ਹਾਜ਼ਰ ਸਨ |