ਘੁਮਾਣ, 1 ਨਵੰਬਰ (ਬੰਮਰਾਹ)-ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦਾ 755ਵਾਂ ਪ੍ਰਕਾਸ਼ ਪੁਰਬ 2 ਨਵੰਬਰ ਨੂੰ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ (ਗੁਰਦਾਸਪੁਰ) ਵਿਖੇ ਸਮੂਹ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਇਲਾਕੇ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਗੁਰਦੁਆਰਾ ਤਪਿਆਣਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਦਮਦਮੀ ਤੇ ਸਮੂਹ ਮੈਂਬਰਾਂ ਨੇ ਦੱਸਿਆ ਕਿ 2 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਜਾਣਗੇ | ਉਪਰੰਤ ਦੇਰ ਰਾਤ ਤੱਕ ਮਹਾਨ ਕੀਰਤਨ ਦਰਬਾਰ ਹੋਵੇਗਾ | ਇਸ ਮੌਕੇ ਪੰਥ ਪ੍ਰਸਿੱਧ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ, ਰਾਗੀ ਭਾਈ ਰਣਜੀਤ ਸਿੰਘ ਭੋਮਾ, ਭਾਈ ਸਤਨਾਮ ਸਿੰਘ ਦਰਦੀ ਕਵੀਸ਼ਰੀ ਜਥਾ, ਭਾਈ ਕੁਲਵੰਤ ਸਿੰਘ ਕਥਾਵਾਚਕ ਸ਼੍ਰੀ ਦਰਬਾਰ ਸਾਹਿਬ ਤੇ ਦਰਬਾਰ-ਏ-ਖ਼ਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਵਿਸ਼ੇਸ਼ ਤੌਰ 'ਤੇ ਗੁਰਬਾਣੀ, ਕਥਾ, ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿਚ ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ 'ਚ ਸੰਗਤਾਂ ਪਹੁੰਚ ਕੇ ਨਤਮਸਤਕ ਹੋਣਗੀਆਂ | ਪ੍ਰਧਾਨ ਭਾਈ ਸਤਨਾਮ ਸਿੰਘ ਦਮਦਮੀ ਨੇ ਕਿਹਾ ਕਿ ਬੇਸ਼ੱਕ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦਾ ਜਨਮ ਪੰਡਰਪੁਰ ਮਹਾਂਰਾਸ਼ਟਰ ਵਿਖੇ ਹੋਇਆ ਹੈ, ਪਰ ਉਨ੍ਹਾਂ ਨੇ ਇਥੇ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ 18 ਸਾਲ ਘੋਰ ਤਪੱਸਿਆ ਕੀਤੀ ਹੈ | ਇਲਾਕੇ ਅਤੇ ਬਰਾਦਰੀ ਭਾਈਚਾਰੇ ਦੀਆਂ ਸੰਗਤਾਂ ਨੂੰ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਕੇ ਇਕ ਵੱਡਾ ਮਾਣ ਸਤਿਕਾਰ ਦਿੱਤਾ ਗਿਆ ਹੈ |