ਬਟਾਲਾ, 3 ਨਵੰਬਰ (ਸਤਿੰਦਰ ਸਿੰਘ)- ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਹੋ ਰਹੀ ਜ਼ਿਮਨੀ ਚੋਣ ਵਿਚ ਪਾਰਟੀ ਵਲੋਂ ਦਿੱਤੀ ਜ਼ਿੰਮੇਵਾਰੀ ਤਹਿਤ ਹਲਕਾ ਕਾਦੀਆਂ ਦੇ ਇੰਚਾਰਜ ਸ: ਗੁਰਇਕਬਾਲ ਸਿੰਘ ਮਾਹਲ ਵਲੋਂ ਪਿੰਡ ਰਟੌਲ ਵਿਚ ਸੁੱਖ ਸਰਪੰਚ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਕਰਵਾਈ ਗਈ | ਮੀਟਿੰਗ 'ਚ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਉਚੇਚੇ ਤੌਰ 'ਤੇ ਪਹੁੰਚੇ | ਜ਼ਿਕਰਯੋਗ ਹੈ ਕਿ ਸ: ਗੁਰਇਕਬਾਲ ਸਿੰਘ ਮਾਹਲ ਨੂੰ ਪਾਰਟੀ ਵਲੋਂ ਇਸ ਪਿੰਡ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਇਸ ਪਿੰਡ ਵਿਚ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਸ੍ਰੋਮਣੀ ਅਕਾਲੀ ਦਲ ਜਿੱਤ ਕੇ 2027 ਦੀਆਂ ਚੋਣਾਂ ਦਾ ਮੁੱਢ ਬੰਨ੍ਹੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ ਤੇ ਵੋਟਰਾਂ ਨੂੰ ਡਰਾਉਣ-ਧਮਕਾਉਣ 'ਤੇ ਉਤਰ ਆਈ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰ ਨਾ ਤਾਂ ਪਰਚਿਆਂ ਤੋਂ ਡਰਦੇ ਹਨ ਤੇ ਨਾ ਹੀ ਕੁਰਬਾਨੀਆਂ ਦੇਣ ਤੋਂ | ਉਨ੍ਹਾਂ ਲੋਕਾਂ ਨੂੰ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ 'ਚ ਲਾਮਬੰਦ ਕਰਦਿਆਂ ਭਾਰੀ ਵੋਟਾਂ ਦੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ | ਇਸ ਦੌਰਾਨ ਸ: ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਪਿੰਡ ਵਾਸੀਆਂ, ਮੁਹਤਬਰਾਂ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਬੀਬੀ ਸੁਖਵਿੰਦਰ ਕੌਰ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਵਿਸ਼ਵਾਸ ਦਿਵਾਇਆ | ਉਨ੍ਹਾਂ ਕਿਹਾ ਕਿ ਸ਼੍ਰੋ.ਅ.ਦ. ਦੀ ਤਰਨ ਤਾਰਨ ਹਲਕੇ ਵਿਚ ਦਿਨੋਂ-ਦਿਨ ਲੋਕਪ੍ਰੀਅਤਾ ਵਧਦੀ ਨਜ਼ਰ ਆ ਰਹੀ ਹੈ ਕਿਉਂਕਿ ਤਰਨ ਤਾਰਨ ਪੰਥਕ ਹਲਕਾ ਹੋਣ ਕਰ ਕੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਨਾਲ ਪੰਥ ਲਈ ਕੁਰਬਾਨੀ ਦੇਣ ਵਾਲੇ ਪਰਿਵਾਰ ਤੇ ਧਰਮੀ ਫ਼ੌਜੀ ਦੀ ਪਤਨੀ ਪਿ੍ੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਟਿਕਟ ਦੇ ਕੇ ਮਾਣ ਸਤਿਕਾਰ ਦਿੱਤਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਤੇ ਹੋਰ ਹਾਜ਼ਰ ਸਨ |