ਬਟਾਲਾ, 3 ਨਵੰਬਰ (ਸਤਿੰਦਰ ਸਿੰਘ)- ਸਿੱਖਿਆ ਦੇ ਖੇਤਰ ਵਿਚ ਆਪਣਾ ਵੱਡਾ ਨਾਂਅ ਬਣਾ ਚੁੱਕੀ ਸਿੱਖਿਆ ਸੰਸਥਾ ਸੈਂਟਰਲ ਸਕੂਲ ਅਤੇ ਸੈਂਟਰਲ ਕਾਲਜ ਘੁਮਾਣ ਵਿਖੇ ਹਰ ਰੋਜ਼ ਸਿੱਖਿਆ ਨਾਲ ਸੰਬੰਧਿਤ ਵੱਡੇ-ਵੱਡੇ ਸੈਮੀਨਾਰ ਤੇ ਵਿਦਿਆਰਥੀਆਂ ਨੂੰ ਨਵੀਂ ਦਿਸ਼ਾ ਦੇਣ ਲਈ ਜਾਗਰੂਕ ਕੈਂਪ ਲਗਾਏ ਜਾ ਰਹੇ | ਇਸੇ ਤਹਿਤ ਹੀ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਸਿੱਖਿਆ ਮੰਤਰਾਲਾ ਭਾਰਤ ਸਰਕਾਰ ਵਲੋਂ ਸਿੱਖਿਆ ਸੰਸਥਾ ਦੀ ਚੋਣ ਕਰ ਕੇ ਸੈਂਟਰਲ ਕਾਲਜ ਘੁਮਾਣ ਵਿਖੇ 7 ਰੋਜ਼ਾ ਨੈਸ਼ਨਲ ਪੱਧਰ ਦੀ ਪੁਸਤਕ ਪ੍ਰਦਰਸ਼ਨੀ ਲਗਾਈ ਹੈ ਜਿਸ ਦਾ ਉਦਘਾਟਨ ਐੱਸ.ਡੀ.ਐੱਮ. ਵਿਕਰਮਜੀਤ ਸਿੰਘ ਬਟਾਲਾ ਵਲੋਂ ਕੀਤਾ ਗਿਆ | ਇਸ ਮੌਕੇ ਸੈਂਟਰਲ ਕਾਲਜ ਘੁਮਾਣ ਦੇ ਡਾਇਰੈਕਟਰ ਸਤਿੰਦਰ ਕੌਰ ਪਨੂੰ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਵਿਦਿਆਰਥੀਆਂ ਵਲੋਂ ਬਹੁਤ ਹੀ ਸੁਚੱਜੇ ਤੇ ਵਧੀਆ ਢੰਗ ਨਾਲ ਉਨ੍ਹਾਂ ਦਾ ਸਵਾਗਤ ਕਰ ਕੇ ਪ੍ਰਦਰਸ਼ਨੀ ਵਿਚ ਲਿਆਂਦਾ ਗਿਆ | ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਦੇ ਨਾਲ ਰਾਸ਼ਟਰਪਤੀ ਐਵਾਰਡੀ ਵਿਜੇਤਾ ਸ੍ਰੀਮਤੀ ਸਿਮਰਤ ਸੁਮੇਰਾ, ਹਰਪਾਲ ਸਿੰਘ ਯੂ.ਕੇ. ਪ੍ਰਧਾਨ ਰਾਸਾ ਪੰਜਾਬ, ਡਾ. ਸੁਰਿੰਦਰ ਕੰਵਲ ਅੰਮਿ੍ਤਸਰ, ਮੈਡਮ ਜਸਪ੍ਰੀਤ ਕੌਰ ਛੀਨਾ ਗੁਰਦਾਸਪੁਰ, ਟਾਰਜਨ ਸਿੰਘ ਭੋਮਾ, ਮੁਕੇਸ਼ ਕੁਮਾਰ ਕਾਦੀਆਂ, ਸਰਵਣ ਸਿੰਘ ਧੰਦਲ ਤੇ ਪਿ੍ੰਸੀਪਲ ਨਵਜੋਤ ਕੌਰ ਪਨੂੰ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਮੌਜੂਦ ਰਹੀਆਂ | ਇਸ ਪੁਸਤਕ ਪ੍ਰਦਰਸ਼ਨੀ ਦੌਰਾਨ ਜਿੱਥੇ ਐੱਨ.ਈ.ਐੱਸ. ਸਕੂਲ ਕੋਠੀ ਅਠਵਾਲ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਉੱਥੇ ਨਾਲ ਹੀ ਗੁਰਦਾਸਪੁਰ ਤੋਂ ਅਨਾਥ ਆਸ਼ਰਮ ਦੇ ਵਿਦਿਆਰਥੀਆਂ ਵੀ ਪ੍ਰਦਰਸ਼ਨੀ ਨੂੰ ਦੇਖਣ ਲਈ ਪੁੱਜੇ | ਐੱਸ.ਡੀ.ਐੱਮ. ਬਟਾਲਾ ਨੇ ਪ੍ਰਦਰਸ਼ਨੀ ਵਿਚ ਲੱਗੀਆਂ ਪੁਸਤਕਾਂ ਬਾਰੇ ਪ੍ਰਬੰਧਕਾਂ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ | ਉਨ੍ਹਾਂ ਕਿਹਾ ਕਿ ਕਿਤਾਬਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਅੱਗੇ ਵਧਣ ਲਈ ਜਿੱਥੇ ਅਣਥੱਕ ਮਿਹਨਤ ਜ਼ਰੂਰੀ ਹੈ ਉੱਥੇ ਕਿਤਾਬਾਂ ਆਪਣਾ ਅਹਿਮ ਅੰਗ ਬਣਾਉਣਾ ਵੀ ਜ਼ਰੂਰੀ ਹੈ | ਐੱਸ.ਡੀ.ਐੱਮ. ਨੇ ਅਨਾਥ ਆਸ਼ਰਮ ਤੋਂ ਪੁੱਜੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਪੁਸਤਕਾਂ ਵੰਡੀਆਂ | ਉਪਰੰਤ ਕਾਲਜ ਦੇ ਆਡੀਟੋਰੀਅਮ 'ਚ ਕਰਵਾਏ ਪ੍ਰਭਾਵਸ਼ਾਲੀ ਸਮਾਗਮ 'ਚ ਸਟੇਜ ਦੀ ਭੂਮਿਕਾ ਨਿਭਾਅ ਰਹੇ ਡਾਕਟਰ ਸੁਰਿੰਦਰ ਕੰਵਲ ਨੇ ਮੈਡਮ ਸਤਿੰਦਰ ਕੌਰ ਪਨੂੰ ਵਲੋਂ ਚਲਾਈ ਜਾ ਰਹੀ ਸੰਸਥਾ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਪਿ੍ੰਸੀਪਲ ਗਗਨਦੀਪ ਸਿੰਘ, ਅਧਿਆਪਕ ਅਰੁਣ ਕੁਮਾਰ, ਅਧਿਆਪਕ ਦਿਨੇਸ਼ ਕੁਮਾਰ ਆਦਿ ਹਾਜ਼ਰ ਸਨ | ਪ੍ਰਦਰਸ਼ਨੀ ਦੇ ਦੂਸਰੇ ਦਿਨ 4 ਨਵੰਬਰ ਨੂੰ ਪ੍ਰਧਾਨ ਸਵਰਨਜੀਤ ਸਿੰਘ ਸਵੀ ਚੇਅਰਮੈਨ ਪੰਜਾਬ ਆਰਟ ਕੌਂਸਲ ਚੰਡੀਗੜ੍ਹ ਸਵੇਰੇ 11 ਵਜੇ ਉਚੇਚੇ ਤੌਰ 'ਤੇ ਪੁੱਜਣਗੇ |