ਬਟਾਲਾ, 4 ਨਵੰਬਰ (ਸਤਿੰਦਰ ਸਿੰਘ)-ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਗੁਰਬਾਣੀ ਵਿਆਕਰਨ ਦੇ ਮਹਾਨ ਵਿਦਵਾਨ, ਗੁਰਮਤਿ ਪ੍ਰਚਾਰਕ, ਮੈਂਬਰ ਧਰਮ ਪ੍ਰਚਾਰ ਕਮੇਟੀ ਗਿਆਨੀ ਮੇਵਾ ਸਿੰਘ ਜੀ ਦੁਆਰਾ 1991 ਤੋਂ ਗੁਰਮਤਿ ਕੈਂਪਾਂ ਦੀ ਆਰੰਭੀ ਲੜੀ ਜੋ ਉਨ੍ਹਾਂ ਦੇ ਅਕਾਲ ਵਿਚ ਵਲੀਨ ਹੋਣ ਉਪਰੰਤ ਸੰਸਥਾ ਵਲੋਂ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਜਾਰੀ ਹੈ | ਇਸ ਵਾਰ ਦਾ ਗਿਆਨੀ ਮੇਵਾ ਸਿੰਘ ਯਾਦਗਾਰੀ ਗੁਰਮਤਿ ਕੈਂਪ ਵਿਦਿਆਰਥੀਆਂ ਦੁਆਰਾ ਖੰਡੇ ਬਾਟੇ ਦੀ ਪਾਹੁਲ ਛਕ ਕੇ ਅਮਿੱਟ ਛਾਪ ਛੱਡ ਗਿਆ | ਛੇ ਦਿਨ ਚੱਲੇ ਇਨ੍ਹਾਂ ਸਮਾਗਮਾਂ ਵਿਚ ਪੰਜਾਬ ਭਰ ਤੋਂ ਵਿਦਵਾਨਾਂ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੇ ਦਿਲੋਂ-ਮਨੋ ਇਕਾਗਰਤਾ ਤੇ ਸ਼ਿੱਦਤ ਨਾਲ ਸ਼ਾਮਿਲ ਹੋ ਕੇ ਗੁਰਮਤਿ ਕੈਂਪ ਨੂੰ ਕਾਮਯਾਬ ਕੀਤਾ | ਪਿ੍ੰਸੀਪਲ ਸ: ਸਵਰਨ ਸਿੰਘ ਵਿਰਕ ਨੇ ਕਿਹਾ ਕਿ ਵਿਦਿਆਰਥੀਆਂ ਦੇ ਉੱਚੇ- ਸੁੱਚੇ ਕਿਰਦਾਰ, ਕੈਲੀਬਰ ਤੇ ਕਰੈਕਟਰ ਦੀ ਘਾੜਤ ਲਈ ਸੰਸਾਰੀ ਵਿਦਿਆ ਦੇ ਨਾਲ-ਨਾਲ ਅਧਿਆਤਮਿਕ ਵਿੱਦਿਆ ਵੀ ਜ਼ਰੂਰੀ ਹੈ | ਇਸ ਮਕਸਦ ਲਈ ਸੰਸਥਾ ਵਿਖੇ ਹਰ ਗੁਰੂ ਸਾਹਿਬਾਨ, ਵੱਖ-ਵੱਖ ਧਰਮਾਂ ਦੇ ਦਿਨ ਤਿਉਹਾਰ ਅਤੇ ਧਾਰਮਿਕ ਸਮਾਗਮ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਏ ਜਾਂਦੇ ਹਨ, ਜਿਸ ਵਿਚ ਵਿਦਿਆਰਥੀ ਵੱਧ ਤੋਂ ਵੱਧ ਗਿਆਨ ਹਾਸਲ ਕਰਦੇ ਹਨ ਤੇ ਸਾਡੇ ਵਿਦਿਆਰਥੀਆਂ ਦਾ ਹਮੇਸ਼ਾ ਇਹੀ ਕਹਿਣਾ ਹੈ ਕਿ ਅਸੀਂ ਜੋ ਵੀ ਹਾਂ ਜਾਂ ਹੋਣ ਦੀ ਆਸ ਕਰਦੇ ਹਾਂ ਉਹ ਬਾਹਰੋਂ ਆਏ ਵਿਦਵਾਨਾਂ ਦੀ ਸੰਗਤ ਸਦਕਾ ਹਾਂ, ਜੋ ਗਾਹੇ-ਬਗਾਹੇ ਆ ਕੇ ਆਪਣੇ ਜੀਵਨ ਤਜਰਬਿਆਂ ਵਿਚੋਂ ਅਣਮੁੱਲੇ ਵਿਚਾਰ ਸੁਣਾਉਂਦੇ ਹਨ | ਕੈਂਪ ਦੇ ਆਖਰੀ ਦਿਨ 71 ਵਿਦਿਆਰਥਣਾਂ ਪੰਜ ਪਿਆਰੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮਿ੍ਤਸਰ ਸਾਹਿਬ ਰਾਹੀਂ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੀਆਂ ਬਣੀਆਂ | ਕੈਂਪ ਦੌਰਾਨ ਸੰਸਥਾ ਵਿਚ ਵਿਦਿਆਰਥੀਆਂ ਨੇ ਚਿੱਤਰ ਤੇ ਪੁਸਤਕ ਪ੍ਰਦਰਸ਼ਨੀ ਦਾ ਭਰਪੂਰ ਆਨੰਦ ਮਾਣਿਆ | ਵਿਦਿਆਰਥੀਆਂ ਦੁਆਰਾ ਹੱਥੀਂ ਤਿਆਰ ਕੀਤੇ ਕਾਰਡ, ਮੈਗਜ਼ੀਨ ਤੇ ਵਾਲ ਮੈਗਜ਼ੀਨ ਨੇ ਸੰਸਥਾ ਦੇ ਹਰ ਕੋਨੇ ਨੂੰ ਜੀਵੰਤ ਗੁਰਮਤਿ ਰੰਗ ਨਾਲ ਭਰ ਦਿੱਤਾ, ਕਿਉਂਕਿ ਸੰਸਥਾ ਦਾ ਹਰੇਕ ਬੋਰਡ, ਥੰਮ ਤੇ ਕੰਧਾਂ ਇਨ੍ਹਾਂ ਰਾਹੀਂ ਇਤਿਹਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਪੇਸ਼ ਕਰ ਰਹੀਆਂ ਸਨ | ਇਸ ਮੌਕੇ ਸੰਸਥਾ ਦੇ ਪ੍ਰਕਾਸ਼ਨ ਵਿਭਾਗ ਵਲੋਂ ਗਿਆਨੀ ਮੇਵਾ ਸਿੰਘ ਜੀ ਦੀ ਜੀਵਨੀ, ਉਨ੍ਹਾਂ ਦੇ ਪ੍ਰਚਾਰ ਦੀ ਵਹੀਰ ਬਾਰੇ ਜਾਣਕਾਰੀ, ਤੇ ਸੰਸਥਾ 'ਚ ਲਗਾਏ 6 ਰੋਜ਼ਾ ਕੈਂਪ ਦਾ ਵੇਰਵਾ 'ਗੁਰਮਤਿ ਦੀ ਅਮਰ ਜੋਤ-ਗਿਆਨੀ ਮੇਵਾ ਸਿੰਘ ਜੀ ਯਾਦਗਾਰੀ 35ਵਾਂ ਗੁਰਮਤਿ ਕੈਂਪ' ਸਿਰਲੇਖ ਅਧੀਨ ਕਿਤਾਬਚਾ ਛਾਪ ਕੇ ਵੰਡਿਆ ਗਿਆ | ਕੈਂਪ ਦੀ ਸਮਾਪਤੀ ਤੋਂ ਬਾਅਦ ਕੈਂਪ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਵਿਦਿਆਰਥੀ, ਕਿਰਤੀ, ਕਲਾਤਮਕ ਉਨਤੀ ਵਾਲੇ, ਸਾਹਿਤਕ ਯੋਗਦਾਨ ਵਾਲੇ, ਸਫ਼ਲ ਸਿਰਜਨਾਵਾਂ ਵਾਲੇ ਤੇ ਹੋਰ ਅਨੇਕਾਂ ਖੇਤਰਾਂ ਵਿਚ ਉਪਲੱਬਧੀਆਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਿਸੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ |