ਗੁਰਦਾਸਪੁਰ, 4 ਨਵੰਬਰ (ਚੱਕਰਾਜਾ)-ਥਾਣਾ ਦੋਰਾਂਗਲਾ ਅਧੀਨ ਆਉਂਦੇ ਖੇਤਰ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਹੈ | ਪਰ ਪਿਛਲੇ ਸਮੇਂ ਦੌਰਾਨ ਹੋਈਆਂ ਚੋਰੀਆਂ ਦੀ ਤਫਤੀਸ਼ ਕਰਨ ਵਿਚ ਦੋਰਾਂਗਲਾ ਪੁਲਿਸ ਦੇ ਨਾਕਾਮ ਰਹਿਣ ਕਾਰਨ ਚੋਰਾਂ ਦੇ ਹੌਸਲੇ ਦਿਨੋਂ ਦਿਨ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ | ਇਸ ਗੱਲ ਦਾ ਅੰਦਾਜ਼ਾ ਬੀਤੀ ਰਾਤ ਚੋਰਾਂ ਵਲੋਂਾ ਅੰਜਾਮ ਦਿੱਤੀਆਂ ਗਈਆਂ ਵਾਰਦਾਤਾਂ ਤੋਂ ਲਗਾਇਆ ਜਾ ਸਕਦਾ ਹੈ | ਬੀਤੀ ਇੱਕੋ ਰਾਤ ਵਿਚ ਚੋਰਾਂ ਵਲੋਂ ਕਸਬੇ ਦੀਆਂ 11 ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੰੂ ਅੰਜਾਮ ਦਿੱਤਾ ਗਿਆ | ਚੋਰ ਇੰਨੇ ਬੇਖ਼ੌਫ਼ ਸਨ ਕਿ ਉਹ ਲੰਮਾ ਸਮਾਂ ਬਾਜ਼ਾਰ ਵਿਚ ਚੋਰੀ ਦੀਆਂ ਵਾਰਦਾਤਾਂ ਨੰੂ ਅੰਜਾਮ ਦਿੰਦੇ ਰਹੇ | ਪਰ ਪੁਲਿਸ ਦੀ ਕੋਈ ਵੀ ਗਸ਼ਤ ਪਾਰਟੀ ਕਸਬੇ ਅੰਦਰ ਗਸ਼ਤ ਕਰਨ ਨਹੀਂ ਪਹੁੰਚੀ | ਇਥੇ ਇਹ ਵੀ ਦੱਸਣਯੋਗ ਹੈ ਕਿ ਕਸਬਾ ਦੋਰਾਂਗਲਾ ਵਿਖੇ ਖੇਤਰ ਦਾ ਮੁੱਖ ਥਾਣਾ ਮੌਜੂਦ ਹੈ ਅਤੇ ਜਿਨ੍ਹਾਂ ਦੁਕਾਨਾਂ 'ਤੇ ਚੋਰੀ ਹੋਈ ਹੈ, ਉਨ੍ਹਾਂ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ 'ਤੇ ਨਹਿਰ 'ਤੇ ਪੱਕਾ ਨਾਕਾ ਲੱਗਦਾ ਹੈ | ਇਹ ਘਟਨਾ ਦਰਸਾਉਂਦੀ ਹੈ ਕਿ ਕਸਬਾ ਦੋਰਾਂਗਲਾ ਅੰਦਰ ਚੋਰਾਂ ਨੰੂ ਪੁਲਿਸ ਦਾ ਕੋਈ ਡਰ ਖ਼ੌਫ਼ ਨਹੀਂ ਹੈ | ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੰੂ ਚੋਰੀ ਹੋਣ ਦਾ ਉਸ ਸਮੇਂ ਪਤਾ ਲੱਗਾ, ਜਦੋਂ ਸਵੇਰੇ ਤੜਕੇ ਸੈਰ ਕਰਨ ਨਿਕਲੇ ਕੁਝ ਵਿਅਕਤੀਆਂ ਨੇ ਦੇਖਿਆ ਕਿ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਮਾਨ ਵੀ ਖਿੱਲਰਿਆ ਪਿਆ ਸੀ | ਉਨ੍ਹਾਂ ਵਿਅਕਤੀਆਂ ਵਲੋਂ ਦੁਕਾਨਦਾਰਾਂ ਨੰੂ ਸੂਚਿਤ ਕੀਤਾ ਗਿਆ ਅਤੇ ਜਦੋਂ ਦੁਕਾਨਦਾਰਾਂ ਵਲੋਂ ਆ ਕੇ ਦੇਖਿਆ ਤਾਂ ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾਂ ਵਲੋਂ ਅੰਦਰੋਂ ਸਮਾਨ ਅਤੇ ਨਕਦੀ ਚੋਰੀ ਕੀਤੀ ਗਈ ਸੀ | ਇਨ੍ਹਾਂ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਸਮੇਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਵੀ ਹੋ ਚੁੱਕੀਆਂ ਹਨ | ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਅੱਡਾ ਗਾਹਲੜੀ ਨੇੜਿਉਂ ਮੋਟਰਸਾਈਕਲ ਸਵਾਰਾਂ ਵਲੋਂ ਪ੍ਰਵਾਸੀ ਮਜ਼ਦੂਰਾਂ ਤੋਂ ਮੋਬਾਈਲ ਫੋਨ ਖੋਹੇ ਗਏ ਸਨ | ਪਰ ਅੱਜ ਤੱਕ ਦੋਰਾਂਗਲਾ ਪੁਲਿਸ ਇਨ੍ਹਾਂ ਚੋਰਾਂ ਨੰੂ ਫੜਨ ਵਿਚ ਨਾਕਾਮਯਾਬ ਰਹਿਣ ਕਾਰਨ ਦੋਰਾਂਗਲਾ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਦਾ ਇਲਾਕੇ 'ਚ ਪੁਲਿਸ ਪ੍ਰਤੀ ਭਾਰੀ ਰੋਸ ਹੈ |