ਬਟਾਲਾ, 4 ਨਵੰਬਰ (ਸਤਿੰਦਰ ਸਿੰਘ)-ਅਸੀਸ ਮੈਟਲ ਕੰਪਨੀ ਦੀ ਸਥਾਨਕ ਬੀਕੋ ਕੰਪਲੈਕਸ ਵਿਖੇ ਸਕ੍ਰੈਪ ਦੀ ਦੁਕਾਨ ਤੋਂ ਚੋਰਾਂ ਨੇ 50 ਹਜ਼ਾਰ ਦਾ ਸਾਮਾਨ ਚੋਰੀ ਕਰ ਲਿਆ | ਦੁਕਾਨ ਮਾਲਕ ਪ੍ਰਦੀਪ ਕੁਮਾਰ ਪੁੱਤਰ ਜਤਿੰਦਰ ਕੁਮਾਰ ਵਾਸੀ ਠਠਿਆਰਾਂ ਮੁਹੱਲਾ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਹੋਈ ਚੋਰੀ ਸਬੰਧੀ ਸੀ.ਸੀ.ਟੀ.ਵੀ. ਕੈਮਰੇ ਰਾਹੀਂ ਦੇਖਿਆ ਕਿ 3 ਚੋਰ ਕਾਰ 'ਤੇ ਆਏ, ਜਿਨਾਂ ਨੇ ਕਾਰ ਦੇ ਨੰਬਰ 'ਤੇ ਕੱਪੜਾ ਪਾਇਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਸਾਹਮਣੀ ਦੁਕਾਨ 'ਤੇ ਲੱਗੇ ਮੀਟਰ ਤੋਂ ਬਿਜਲੀ ਤਾਰ ਦੀ ਕੁੰਡੀ ਲਾ ਕੇ ਕਟਰ ਨਾਲ ਦੁਕਾਨ ਦਾ ਸ਼ਟਰ ਹੀ ਕੱਟ ਦਿੱਤਾ ਤੇ ਅੰਦਰ ਦਾਖ਼ਲ ਹੋ ਕੇ ਦੁਕਾਨ ਵਿਚ ਪਿਆ ਪਿੱਤਲ, ਸਿਲਵਰ ਤੇ ਕਾਪਰ ਦਾ ਸਾਮਾਨ ਚੋਰੀ ਕਰ ਲਿਆ, ਜਿਸ ਨਾਲ ਉਨ੍ਹਾਂ ਦਾ ਕਰੀਬ 50 ਹਜ਼ਾਰ ਦਾ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਨਜ਼ਦੀਕੀ ਇਕ ਵਿਅਕਤੀ ਰਮੇਸ਼ ਵਰਮਾ ਨੇ ਚੋਰਾਂ ਵਲੋਂ ਚੋਰੀ ਕਰਦੇ ਸਮੇਂ ਆਉਂਦੀ ਆਵਾਜ਼ ਨੂੰ ਸੁਣਦਿਆਂ ਰੌਲਾ ਪਾਇਆ ਤਾਂ ਚੋਰ ਭੱਜ ਗਏ | ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਪੁਲਿਸ ਚੌਕੀ ਬੱਸ ਅੱਡਾ ਵਿਖੇ ਸੂਚਿਤ ਕੀਤਾ ਗਿਆ ਹੈ |