ਪਠਾਨਕੋਟ, 23 ਨਵੰਬਰ (ਵਿਨੋਦ)- ਜਦੋਂ ਸਰਕਾਰਾਂ ਅਤੇ ਨੇਤਾ ਦੁਖੀ ਪਰਿਵਾਰ ਦੀ ਬਾਂਹ ਨਹੀਂ ਫੜ ਰਹੇ ਸਨ ਤਾਂ ਉਸ ਵੇਲੇ ਪੀ.ਸੀ.ਟੀ. ਹਿਊਮੈਨਿਟੀ ਦੇ ਸੰਸਥਾਪਕ ਡਾ: ਜੋਗਿੰਦਰ ਸਿੰਘ ਮਸੀਹਾ ਬਣ ਕੇ ਸਾਹਮਣੇ ਆਏ ਅਤੇ ਦੁਖੀ ਮਾਂ ਬਾਪ ਦੇ ਮਿ੍ਤਕ ਬੇਟੇ ਦੀ ਮਿ੍ਤਕ ਦੇਹ ਦੁਬਈ ਤੋਂ ਪਠਾਨਕੋਟ ਲਿਆਂਦੀ ਗਈ ਜਿਸ ਤੋਂ ਬਾਅਦ ਮਿ੍ਤਕ ਪਵਨ ਸਿੰਘ ਦੇ ਮਾਂ ਬਾਪ ਆਪਣੇ ਪੁੱਤਰ ਦਾ ਸਸਕਾਰ ਕਰ ਸਕੇ | ਪੀ.ਸੀ.ਟੀ. ਹਿਊਮੈਨਿਟੀ ਦੇ ਸੰਸਥਾਪਕ ਡਾ: ਜੋਗਿੰਦਰ ਸਿੰਘ ਸਲਾਰੀਆਂ ਨੇ ਦੱਸਿਆ ਕਿ ਉਹ ਪਠਾਨਕੋਟ ਦੇ ਰਹਿਣ ਵਾਲੇ ਹਨ ਪਰ ਉਹ ਦੁਬਈ ਵਿਚ ਕਾਰੋਬਾਰ ਕਰਦੇ ਹਨ ਅਤੇ ਪੀ.ਸੀ.ਟੀ. ਹਿਊਮੈਨਿਟੀ ਨਾਂਅ ਦੀ ਸੰਸਥਾ ਬਣਾ ਕੇ ਹਾਲਾਤ ਦੇ ਮਾਰੇ ਲੋਕਾਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰਦੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਪਠਾਨਕੋਟ ਜ਼ਿਲੇ੍ਹ ਦੇ ਹੀ ਵਾਸੀ ਪਵਨ ਸਿੰਘ ਜੋ ਕਿ ਦੁਬਈ ਵਿਚ ਨੌਕਰੀ ਲਈ ਗਿਆ ਸੀ ਪਰ ਭੇਦਭਰੀ ਹਾਲਾਤ ਵਿਚ ਉਸ ਦੀ ਉੱਥੇ ਮੌਤ ਹੋ ਗਈ ਜਿਸ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ ਤੇ ਉਹ ਆਪਣੇ ਪੁੱਤਰ ਦਾ ਸਸਕਾਰ ਆਪਣੇ ਇੱਥੇ ਕਰਨਾ ਚਾਹੁੰਦੇ ਸਨ ਪਰ ਨਾ ਸਰਕਾਰਾਂ ਤੇ ਨਾ ਨੇਤਾ ਉਨ੍ਹਾਂ ਦਾ ਕੋਈ ਹੱਥ ਪੱਲਾ ਫੜਾ ਰਹੇ ਸਨ ਜਿਸ ਕਾਰਨ ਪਰਿਵਾਰ ਦੁਖੀ ਸੀ | ਉਨ੍ਹਾਂ ਦੱਸਿਆ ਕਿ ਜਦੋਂ ਕਿਸੇ ਪਰਿਵਾਰ ਦਾ ਬੇਟਾ ਚਲਾ ਜਾਂਦਾ ਹੈ ਤਾਂ ਉਨ੍ਹਾਂ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਅਤੇ ਉਨ੍ਹਾਂ ਦੀ ਜੋ ਸੰਸਥਾ ਹੈ, ਉਹ ਹਾਲਾਤ ਦੇ ਮਾਰੇ ਵਿਅਕਤੀਆਂ ਦੀ ਬਾਂਹ ਫੜਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਸਰਕਾਰੀ ਨਹੀਂ ਪਰ ਗੈਰ ਸਰਕਾਰੀ ਨੌਕਰੀਆਂ ਦੇ ਕੇ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਲੋਕ ਰੁਜ਼ਗਾਰ ਪ੍ਰਾਪਤ ਕਰਕੇ ਨਸ਼ੇ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਨਾ ਹੋ ਸਕਣ ਤੇ ਪੰਜਾਬ ਜੋ ਕਿ ਹਮੇਸ਼ਾ ਹੀ ਦੁਨੀਆਂ ਵਿਚ ਆਪਣੀ ਸ਼ਕਤੀਸ਼ਾਲੀ ਵਿਲੱਖਣ ਪਹਿਚਾਣ ਵਿਚ ਪ੍ਰਸਿੱਧ ਹੈ, ਉਹ ਫਿਰ ਤੋਂ ਇਕ ਵਾਰ ਸ਼ਕਤੀਸ਼ਾਲੀ ਗੱਭਰੂਆਂ ਦਾ ਪੰਜਾਬ ਬਣ ਕੇ ਦੁਨੀਆਂ ਦੇ ਸਾਹਮਣੇ ਆਵੇ |