ਪਠਾਨਕੋਟ, 16 ਦਸੰਬਰ (ਸੰਧੂ)- ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਕਮਲਦੀਪ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ. ਜੀ. ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਪੈਸ਼ਲ ਰਿਸੋਰਸ ਸੈਂਟਰ ਪਠਾਨਕੋਟ ਦੇ ਅਥਲੀਟਾਂ ਨੇ 26ਵੀਂ ਪੰਜਾਬ ਸਟੇਟ ਸਪੈਸ਼ਲ ਉਲੰਪਿਕ ਜੋ ਲਵਲੀ ਯੂਨੀਵਰਸਿਟੀ ਜਲੰਧਰ ਵਿਖੇ ਹੋ ਰਹੀਆਂ ਹਨ, ਨੇ ਵਿਚੋਂ ਇਕ ਸੋਨ ਤਗਮੇਂ ਸਮੇਤ 9 ਮੈਡਲ ਜਿੱਤ ਕੇ ਜ਼ਿਲੇ੍ਹ ਦਾ ਮਾਨ ਵਧਾਇਆ ਹੈ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੇ ਕੋਚ ਮਨਦੀਪ ਸ਼ਰਮਾ ਅਤੇ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਇਕ ਸੋਨ ਤਗਮਾਂ, 3 ਚਾਂਦੀ ਦੇ ਤਗਮੇਂ ਤੇ 5 ਕਾਂਸੀ ਦੇ ਤਗਮੇਂ ਜਿੱਤੇ ਹਨ | ਉਨ੍ਹਾਂ ਦੱਸਿਆ ਕਿ ਸ਼ੌਕਤ ਅਲੀ ਨੇ 200 ਮੀਟਰ ਰੇਸ ਵਿਚ ਸੋਨ ਤਗਮੇਂ, ਸਲੀਮ ਨੇ 200 ਮੀਟਰ ਰੇਸ ਤੇ ਲੰਬੀ ਛਾਲ ਵਿਚ ਚਾਂਦੀ ਦੇ ਤਗਮੇਂ, ਨਸੀਬ ਅਲੀ ਨੇ 100 ਮੀਟਰ ਰੇਸ ਅਤੇ ਸ਼ਾਰਟ ਪੁੱਟ ਵਿਚ ਕਾਂਸੀ ਦੇ ਤਗਮੇਂ, ਸੁਨੀਲ ਨੇ 100 ਮੀਟਰ ਰੇਸ ਤੇ ਸ਼ਾਰਟ ਪੁੱਟ ਵਿਚ ਕਾਂਸੀ ਦੇ ਤਗਮੇਂ ਪ੍ਰਾਪਤ ਕਰ ਜ਼ਿਲ੍ਹਾ ਪਠਾਨਕੋਟ ਦਾ ਨਾਂਅ ਰੌਸ਼ਨ ਕੀਤਾ ਹੈ | ਜ਼ਿਲ੍ਹਾ ਅਧਿਕਾਰੀਆਂ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ਲਈ ਕੋਚ, ਮਾਪਿਆਂ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ | ਇਨ੍ਹਾਂ ਖਿਡਾਰੀਆਂ ਦਾ ਜ਼ਿਲ੍ਹਾ ਅਧਿਕਾਰੀਆਂ ਵਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਵਿਭਾਗ ਵਲੋਂ ਸਪੋਰਟਸ ਲਈ ਟਰੈਕ ਸੂਟ, ਬੂਟ, ਸਪੋਰਟਸ ਦਾ ਸਾਮਾਨ, ਅਸਿਸਟਿਵ ਡਿਵਾਈਸਿਸ, ਸਟਾਈਫੰਡ, ਸਰਜਰੀ ਦੀ ਸਹੂਲਤ, ਫਿਜ਼ੀਓਥਰੈਪੀ, ਮੈਡੀਕਲ ਚੈੱਕਅਪ ਆਦਿ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ | ਇਸ ਮੌਕੇ ਸਵਿਤਾ, ਸੁਨੀਤਾ, ਰਾਜੂ ਬਾਲਾ, ਰੁਮਾਨੀ, ਸੋਨੀਆ, ਸੀ.ਐਚ.ਟੀ. ਰੇਨੂੰ ਬਾਲਾ ਤੇ ਬਲਕਾਰ ਅੱਤਰੀ ਆਦਿ ਹਾਜ਼ਰ ਸਨ |