ਪਠਾਨਕੋਟ, 19 ਦਸੰਬਰ (ਸੰਧੂ)- ਪਠਾਨਕੋਟ ਦੇ ਸਾਬਕਾ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਅਮਿਤ ਵਿੱਜ ਨੇ ਪਠਾਨਕੋਟ ਵਿਧਾਨ ਸਭਾ ਦੇ ਲੋਕਾਂ, ਖ਼ਾਸ ਕਰਕੇ ਪੇਂਡੂ ਖੇਤਰਾਂ ਦੇ ਵਸਨੀਕਾਂ, ਕਾਂਗਰਸੀ ਵਰਕਰਾਂ, ਸਰਪੰਚਾਂ ਤੇ ਜ਼ਮੀਨੀ ਪੱਧਰ ਦੇ ਆਗੂਆਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਭਾਰੀ ਦਬਾਅ, ਧਮਕੀਆਂ ਤੇ ਪ੍ਰਸ਼ਾਸਨਿਕ ਦੁਰਵਿਵਹਾਰ ਦੇ ਬਾਵਜੂਦ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿ ਕੇ ਲੋਕਤੰਤਰ ਦੀ ਰੱਖਿਆ ਕੀਤੀ | ਅਮਿਤ ਵਿੱਜ ਨੇ ਕਿਹਾ ਕਿ ਪਠਾਨਕੋਟ ਵਿਧਾਨ ਸਭਾ ਦੇ ਨਤੀਜੇ ਸਪਸ਼ਟ ਤੌਰ 'ਤੇ ਦਰਸਾਉਂਦੇ ਹਨ ਕਿ ਕਾਂਗਰਸ ਦੀ ਜ਼ਮੀਨੀ ਤਾਕਤ ਪ੍ਰਤੀਕੂਲ ਹਾਲਾਤ 'ਚ ਵੀ ਬਰਕਰਾਰ ਹੈ | ਉਨ੍ਹਾਂ ਕਿਹਾ ਕਿ ਪਠਾਨਕੋਟ ਵਿਧਾਨ ਸਭਾ ਹਲਕੇ 'ਚ 15 ਬਲਾਕ ਸੰਮਤੀ ਸੀਟਾਂ ਤੇ ਇਕ ਜ਼ਿਲ੍ਹਾ ਪ੍ਰੀਸ਼ਦ ਸੀਟ ਸੀ | ਕਾਫ਼ੀ ਦਬਾਅ ਤੇ ਪ੍ਰਸ਼ਾਸਨਿਕ ਦਖ਼ਲਅੰਦਾਜ਼ੀ ਦੇ ਬਾਵਜੂਦ ਬਲਾਕ ਸੰਮਤੀ ਦੇ ਨਤੀਜੇ ਬਰਾਬਰ ਰਹੇ ਜਿਸ ਵਿਚ ਕਾਂਗਰਸ ਨੇ 5 ਸੀਟਾਂ, ਭਾਜਪਾ ਨੇ 5 ਸੀਟਾਂ ਅਤੇ ਆਮ ਆਦਮੀ ਪਾਰਟੀ ਨੇ 5 ਸੀਟਾਂ ਜਿੱਤੀਆਂ | ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਨੇ ਘੰਡਰਾਂ ਬਲਾਕ ਕਮੇਟੀ ਸੀਟ ਸਿਰਫ਼ 5 ਵੋਟਾਂ ਨਾਲ ਹਾਰ ਗਈ ਜਿਸ ਤੋਂ ਸਾਬਤ ਹੁੰਦਾ ਹੈ ਕਿ ਮੁਕਾਬਲਾ ਕਿੰਨਾ ਨੇੜਲਾ ਤੇ ਤਿੱਖਾ ਸੀ | ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਕੋਲ ਇਕ ਮੌਜੂਦਾ ਵਿਧਾਇਕ ਹੋਣ ਦੇ ਬਾਵਜੂਦ ਭਾਜਪਾ ਹੋਰ ਸੀਟਾਂ ਜਿੱਤਣ ਵਿਚ ਅਸਫਲ ਰਹੀ, ਜਿਸ ਨਾਲ ਇਹ ਸਪਸ਼ਟ ਹੋ ਗਿਆ ਕਿ ਭਾਜਪਾ ਦੀ ਪਕੜ ਸੀਮਤ ਹੈ, ਜਦੋਂ ਕਿ ਕਾਂਗਰਸ ਦਾ ਸਮਰਥਨ ਆਧਾਰ ਬਹੁਤ ਵਿਸ਼ਾਲ ਹੈ | ਅਮਿਤ ਵਿੱਜ ਨੇ ਕਿਹਾ ਕਿ ਇਹ ਨਤੀਜੇ ਸਪਸ਼ਟ ਤੌਰ 'ਤੇ ਦਰਸਾਉਂਦੇ ਹਨ ਕਿ ਜੇਕਰ ਚੋਣਾਂ ਨਿਰਪੱਖ ਤੇ ਸੁਤੰਤਰ ਢੰਗ ਨਾਲ ਕਰਵਾਈਆਂ ਜਾਂਦੀਆਂ ਹਨ ਤਾਂ ਕਾਂਗਰਸ 2027 ਵਿਚ ਪੰਜਾਬ 'ਚ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਤੀਜੇ ਸਥਾਨ 'ਤੇ ਆ ਗਿਆ ਹੈ ਤੇ ਰਾਜ ਵਿਚ ਸਰਕਾਰ ਬਣਾਉਣ ਦੀ ਸਥਿਤੀ ਵਿਚ ਨਹੀਂ ਹੈ, ਜਦੋਂ ਕਿ ਭਾਜਪਾ ਪਠਾਨਕੋਟ ਜ਼ਿਲ੍ਹੇ ਵਰਗੇ ਕੁਝ ਸੀਮਤ ਖੇਤਰਾਂ ਤੱਕ ਹੀ ਸੀਮਤ ਹੈ |