ਬਮਿਆਲ, 19 ਦਸੰਬਰ (ਰਕੇਸ਼ ਸ਼ਰਮਾ)- ਪੰਜਾਬ 'ਚ ਆਏ ਹੜ੍ਹਾਂ ਤੋਂ ਬਾਅਦ ਹੌਲੀ-ਹੌਲੀ ਲੋਕ ਆਪਣੀ ਜ਼ਿੰਦਗੀ ਨੂੰ ਲੀਹ 'ਤੇ ਲੈ ਕੇ ਆ ਰਹੇ ਹਨ ਪਰ ਅਜੇ ਵੀ ਬਹੁਤ ਸਾਰੀਆਂ ਥਾਵਾਂ 'ਤੇ ਹੋਏ ਨੁਕਸਾਨ ਕਾਰਨ ਸਰਕਾਰੀ ਕੰਮਾਂ 'ਚ ਵੀ ਬਹੁਤ ਜਗ੍ਹਾ 'ਤੇ ਵਿਘਨ ਪਏ ਹੋਏ ਹਨ ਜਿਸ ਦੇ ਚੱਲਦੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮਿਸਾਲ ਤੌਰ 'ਤੇ ਸਰਹੱਦੀ ਪਿੰਡ ਤਾਸ਼ ਦੇ ਨਜ਼ਦੀਕ ਰਾਵੀ ਦਰਿਆ ਸਥਿਤ ਤਾਸ਼ ਪੱਤਣ 'ਤੇ ਹਰ ਸਾਲ ਪੈਣ ਵਾਲਾ ਪੈਨਟੂਨ ਪੁਲ ਪ੍ਰਸ਼ਾਸਨ ਵਲੋਂ ਅਜੇ ਤੱਕ ਨਹੀਂ ਪਾਇਆ ਗਿਆ, ਜੋ ਹਰ ਸਾਲ ਅਕਤੂਬਰ ਮਹੀਨੇ 'ਚ ਪਾ ਦਿੱਤਾ ਜਾਂਦਾ ਹੈ | ਜਾਣਕਾਰੀ ਅਨੁਸਾਰ ਰਾਵੀ ਦਰਿਆ 'ਚ ਹੜ੍ਹ ਆਉਣ ਤੋਂ ਬਾਅਦ ਦਰਿਆ ਦੀ ਭੂਗੋਲਿਕ ਸਥਿਤੀ ਬਦਲ ਚੁੱਕੀ ਸੀ ਜਿਸ ਦੇ ਚੱਲਦੇ ਇਸ ਦਰਿਆ 'ਚ ਪੈਨਟੂਨ ਪੁਲ ਪਾਉਣਾ ਮੁਸ਼ਕਿਲ ਨਜ਼ਰ ਆ ਰਿਹਾ ਸੀ | ਦੱਸ ਦੇਈਏ ਕਿ ਇਹ ਪੈਨਟੂਨ ਪੁਲ ਰਾਵੀ ਦਰਿਆ 'ਤੇ ਪੈਂਦਾ ਹੈ, ਜੋ ਕਿ ਸਿਰਫ਼ ਬਰਸਾਤ ਦੇ ਦਿਨਾਂ 'ਚ ਹੀ ਪ੍ਰਸ਼ਾਸਨ ਵਲੋਂ ਚੁੱਕ ਲਿਆ ਜਾਂਦਾ ਹੈ ਤੇ ਅਕਤੂਬਰ ਮਹੀਨੇ 15 ਤਾਰੀਖ ਨੂੰ ਇਸ ਪੁਲ ਨੂੰ ਦੁਬਾਰਾ ਪਾਉਣ ਦੀ ਤਿਥੀ ਨਿਰਧਾਰਿਤ ਕੀਤੀ ਗਈ ਹੈ ਪਰ ਇਸ ਵਾਰ ਦਸੰਬਰ ਮਹੀਨਾ ਲੰਘ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨ ਵਲੋਂ ਇਸ ਪੁਲ ਨੂੰ ਨਹੀਂ ਪਾਇਆ ਗਿਆ ਜਿਸ ਦੇ ਚੱਲਦੇ ਸਰਹੱਦੀ ਖੇਤਰ ਦੇ ਪਿੰਡ ਤਾਸ਼, ਮਜੀਰੀ, ਅਖ਼ਵਾੜਾ, ਲਸਿਆਨ, ਜੈਤਪੁਰ, ਦਤਿਆਲ, ਬਸਾਊ ਬਾੜਮਾ, ਆਦਮ ਬਾੜਮਾ, ਬਮਿਆਲ ਅਤੇ ਝੜੋਲੀ ਆਦਿ ਪਿੰਡਾਂ ਦੇ ਲੋਕਾਂ ਨੂੰ ਗੁਰਦਾਸਪੁਰ ਜਾਣ ਲਈ ਲਗਪਗ 50 ਕਿੱਲੋਮੀਟਰ ਦਾ ਸਫ਼ਰ ਵਾਧੂ ਤੈਅ ਕਰਨਾ ਪੈ ਰਿਹਾ ਹੈ, ਕਿਉਂਕਿ ਇਸ ਖੇਤਰ ਦੇ ਲੋਕ ਅਕਸਰ ਇਸ ਰਸਤੇ ਰਾਹੀਂ ਪੈਨਟੂਨ ਪੁਲ ਕਰਾਸ ਕਰਕੇ ਗੁਰਦਾਸਪੁਰ ਪਹੁੰਚਦੇ ਸਨ ਪਰ ਇਸ ਵਾਰ ਪੁਲ ਨਾ ਪੈਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ | ਇਸ ਰਾਵੀ ਦਰਿਆ 'ਤੇ ਇਸ ਵੇਲੇ ਇਕ ਕਿਸ਼ਤੀ ਚਲਾਈ ਜਾ ਰਹੀ ਹੈ ਜਿਸ ਦੇ ਸਹਾਰੇ ਲੋਕਾਂ ਨੂੰ ਇਸ ਦਰਿਆ ਨੂੰ ਪਾਰ ਕਰਵਾਇਆ ਜਾ ਰਿਹਾ ਪਰ ਲੋਕਾਂ ਨੂੰ ਦੇਰ ਸਵੇਰ ਕਿਸ਼ਤੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਤੇ ਸ਼ਾਮ ਨੂੰ 5 ਵਜੇ ਤੋਂ ਬਾਅਦ ਇਸ ਰਸਤੇ ਤੋਂ ਜਾਣਾ ਨਾ-ਮੁਮਕਿਨ ਹੋ ਚੁੱਕਾ ਹੈ | ਇਸ ਵਿਸ਼ੇ 'ਤੇ ਖੇਤਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੈ | ਬੇਸ਼ੱਕ ਸਰਕਾਰ ਅਜੇ ਤੱਕ ਪੱਕਾ ਪੁਲ ਨਹੀਂ ਬਣਾ ਸਕੀ ਪਰ ਸਵਰਗੀ ਸੰਸਦ ਵਿਨੋਦ ਖੰਨਾ ਵਲੋਂ ਇਸ ਦਰਿਆ 'ਤੇ ਪੈਨਟੂਨ ਪੁਲ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਕਿ ਲੋਕਾਂ ਲਈ ਵਰਦਾਨ ਸਾਬਤ ਹੋਇਆ ਹੈ ਪਰ ਇਸ ਵਾਰ ਦਸੰਬਰ ਮਹੀਨਾ ਬੀਤ ਜਾਣ ਦੇ ਬਾਅਦ ਵੀ ਇਸ ਪੁਲ ਦੇ ਨਾ ਬਣਨ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ | ਸਰਹੱਦੀ ਲੋਕ ਮਨਜੀਤ ਸਿੰਘ, ਕਾਲਾ, ਰਜਤ ਕੁਮਾਰ, ਸੇਠ ਕੁਮਾਰ, ਗੁਰਜੀਤ ਸਿੰਘ, ਸੁਰਜੀਤ ਸਿੰਘ, ਧਰਮਪਾਲ ਅਤੇ ਰਮੇਸ਼ ਕੁਮਾਰ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਇਸ ਪੁਲ ਦਾ ਨਿਰਮਾਣ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ |