ਨਿੱਕੇ ਘੁੰਮਣ, 19 ਨਵੰਬਰ (ਸਤਬੀਰ ਸਿੰਘ ਘੁੰਮਣ)- ਸੀਨੀਅਰ ਸਰਕਾਰੀ ਸਕੂਲ ਘੁੰਮਣ ਕਲਾ ਦੇ ਪਿ੍ੰਸੀਪਲ ਰਜੇਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਨੇੜਲੇ ਪੁਲਿਸ ਥਾਣਾ ਘੁੰਮਣ ਕਲਾਂ ਦਾ ਵਿਸ਼ੇਸ਼ ਦੌਰਾ ਕਰਵਾਇਆ ਗਿਆ | ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮਾਜ ਸੇਵਾ, ਵਾਤਾਵਰਨ ਦੀ ਸੰਭਾਲ, ਨਸ਼ਾ ਮੁਕਤੀ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਸੀ | ਪੁਲਿਸ ਸਟੇਸ਼ਨ ਪਹੁੰਚਣ 'ਤੇ ਸਮੂਹ ਪੁਲਿਸ ਕਰਮਚਾਰੀਆਂ ਵਲੋਂ ਥਾਣਾ ਮੁਖੀ ਜਗਦੀਸ਼ ਸਿੰਘ ਦੀ ਅਗਵਾਈ ਵਿਚ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਥਾਣਾ ਮੁਖੀ ਅਫ਼ਸਰ ਜਗਦੀਸ਼ ਸਿੰਘ ਸਬ-ਇੰਸਪੈਕਟਰ ਨੇ ਵਿਦਿਆਰਥੀਆਂ ਨੂੰ ਕਾਨੂੰਨ ਵਿਵਸਥਾ ਦੀ ਕੰਮਕਾਜ਼ੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ | ਸਬ ਇੰਸਪੈਕਟਰ ਮੋਨਾ ਨੇ ਨਸ਼ਿਆਂ ਦੇ ਮਾਰੂ ਪ੍ਰਭਾਵ ਬਾਰੇ ਵਿਸਥਾਰ ਨਾਲ ਦੱਸਿਆ | ਸਹਾਇਕ ਸਬ-ਇੰਸਪੈਕਟਰ ਹਰਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ, ਰੁੱਖ ਲਗਾਉਣ ਤੇ ਪਲਾਸਟਿਕ ਮੁਕਤ ਵਾਤਾਵਰਣ ਦੇ ਸੰਦੇਸ਼ ਨਾਲ ਜਾਗਰੂਕ ਕਰਵਾਇਆ | ਪਿ੍ੰ. ਰਜੇਸ਼ ਕੁਮਾਰ ਨੇ ਕਿਹਾ ਕਿ ਇਸ ਦੌਰੇ ਦੌਰਾਨ ਵਿਦਿਆਰਥੀਆਂ ਵਿਚ ਗਹਿਰਾ ਰੁਝਾਨ ਦੇਖਣ ਨੂੰ ਮਿਲਿਆ | ਇਸ ਮੌਕੇ ਸਤਨਾਮ ਸਿੰਘ ਐਡੀਸ਼ਨਲ ਐੱਸ.ਐੱਚ.ਓ., ਜਸਬੀਰ ਸਿੰਘ ਬਾਠ, ਗੁਰਪ੍ਰੀਤ ਸਿੰਘ ਡੀ.ਪੀ.ਈ., ਤੇਜਿੰਦਰ ਸਿੰਘ ਗਣਿਤ ਮਾਸਟਰ, ਅਮਰਜੀਤ ਸਿੰਘ ਡੀ.ਪੀ.ਈ., ਅਮਨਦੀਪ ਸਿੰਘ ਕੰਪਿਊਟਰ ਅਧਿਆਪਕ, ਸਰਬਜੀਤ ਸਿੰਘ ਆਦਿ ਹਾਜ਼ਰ ਸਨ |