ਅੱਚਲ ਸਾਹਿਬ, 19 ਦਸੰਬਰ (ਗੁਰਚਰਨ ਸਿੰਘ)- ਧਾਰਮਿਕ ਅਤੇ ਸਮਾਜਿਕ ਕਾਰਜਾਂ ਨੂੰ ਸਮਰਪਿਤ ਨਿਰਵੈਰ ਖਾਲਸਾ ਜਥੇਬੰਦੀ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਬਾਬਾ ਗੁਰਪਾਲ ਸਿੰਘ ਢੀਂਡਸੇ ਵਾਲੀਆਂ ਦੀ ਅਗਵਾਈ ਹੇਠ ਭੁਪਿੰਦਰ ਸਿੰਘ ਸੰਧੂ ਬ੍ਰੇਡਫੋਰਡ ਯੂ.ਕੇ. ਵਾਲਿਆਂ ਦਾ ਜ਼ਿਲ੍ਹਾ ਗੁਰਦਾਸਪੁਰ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਵਿਦਿਆਲਾ ਪਿੰਡ ਨਾਨਕ ਨੰਗਲ ਪਹੁੰਚਣ 'ਤੇ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਈ ਮਨੀ ਸਿੰਘ ਨੇ ਦੱਸਿਆ ਕਿ ਬਾਬਾ ਗੁਰਪਾਲ ਸਿੰਘ ਢੀਂਡਸੇ ਵਾਲੇ ਜੋ ਕਿ ਇੰਗਲੈਂਡ 'ਚ ਗੁਰਮਤਿ ਪ੍ਰਚਾਰ ਯਾਤਰਾ 'ਤੇ ਗਏ ਹੋਏ ਹਨ ਅਤੇ ਵੱਖ-ਵੱਖ ਥਾਵਾਂ 'ਤੇ ਗੁਰਸਿੱਖੀ ਪ੍ਰਚਾਰ ਤੇ ਧਾਰਮਿਕ ਸਮਾਗਮ ਕਰਨ ਉਪਰੰਤ ਇਸ ਵੇਲੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਬ੍ਰੇਡਫੋਰਡ ਯੂ.ਕੇ. ਵਿਖੇ ਗੁਰਸਿੱਖੀ ਪ੍ਰਚਾਰ ਦੀ ਸੇਵਾ ਕਰ ਰਹੇ ਹਨ, ਗੁਰੂ ਘਰ ਦੇ ਪ੍ਰਬੰਧਕ ਸ: ਭੁਪਿੰਦਰ ਸਿੰਘ ਸੰਧੂ ਯੂ.ਕੇ. ਵਾਲੇ ਕੁਝ ਧਾਰਮਿਕ ਤੇ ਨਿੱਜੀ ਕਾਰਨਾਂ ਕਰ ਕੇ ਭਾਰਤ ਆਏ ਹੋਏ ਸਨ, ਜਿਨ੍ਹਾਂ ਦਾ ਅੱਜ ਸਨਮਾਨ ਕੀਤਾ ਗਿਆ ਹੈ | ਇਸ ਮੌਕੇ ਧਾਰਮਿਕ ਤੇ ਸਮਾਜਿਕ ਕਾਰਜਾਂ ਬਾਰੇ ਵਿਚਾਰਾਂ ਵੀ ਹੋਈਆਂ | ਇਸ ਮੌਕੇ ਭਾਈ ਮਨੀ ਸਿੰਘ, ਭਾਈ ਗੁਰਭੇਜ ਸਿੰਘ, ਜੋਗਿੰਦਰ ਸਿੰਘ ਫੌਜੀ, ਸੰਤੋਖ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਸੰਦੀਪ ਸਿੰਘ, ਮਦਨ ਸਿੰਘ ਸਮੇਤ ਜਥੇਬੰਦੀ ਦੇ ਸੇਵਾਦਾਰ ਹਾਜ਼ਰ ਸਨ |