ਬਟਾਲਾ, 21 ਦਸੰਬਰ (ਸਤਿੰਦਰ ਸਿੰਘ)- ਬਾਬਾ ਬੁੱਢਾ ਸਾਹਿਬ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਉਗਰੇਵਾਲ ਵਿਖੇ ਸਾਲਾਨਾ ਖੇਡ ਉਤਸਵ ਅਤੇ ਸ਼ੀਤਕਾਲ ਉਤਸਵ ਸਮਾਗਮ ਕਰਵਾਇਆ ਗਿਆ, ਜਿਸ ਦਾ ਆਰੰਭ ਪਿ੍ੰਸੀਪਲ ਤੋਂ ਉਨ੍ਹਾਂ ਦੇ ਭਾਸ਼ਣ ਰਾਹੀਂ ਅਗਵਾਈ ਲੈ ਕੇ ਕੀਤਾ ਗਿਆ | ਨਰਸਰੀ ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਭਾਗ ਲਿਆ | ਸਭ ਤੋਂ ਪਹਿਲਾਂ ਵਿਦਿਆਰਥੀਆਂ ਵਲੋਂ ਬਹੁਤ ਹੀ ਸੁਚੱਜੇ ਢੰਗ ਤੇ ਨਿਯਮਬੱਧ ਤਰੀਕੇ ਨਾਲ ਮਾਰਚ ਪਾਸਟ ਕੀਤਾ ਗਿਆ ਜਿਸ ਦੀ ਪਿ੍ੰਸੀਪਲ ਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਬਹੁਤ ਸ਼ਲਾਘਾ ਕੀਤੀ ਗਈ | ਹਰੇਕ ਜਮਾਤ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਭਾਗ ਲਿਆ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਖੇਡਾਂ ਵਿਦਿਆਰਥੀਆਂ ਦੇ ਮਾਨਸਿਕ ਮਨੋਬਲ ਨੂੰ ਉੱਚਾ ਚੁੱਕਣ ਲਈ ਬਹੁਤ ਲਾਹੇਵੰਦ ਸਨ | ਇਸ ਦੇ ਨਾਲ ਵਿਦਿਆਰਥੀਆਂ ਵਲੋਂ ਰੰਗਾਰੰਗ ਸਮਾਗਮ ਤਹਿਤ ਭੰਗੜਾ ਤੇ ਲੋਕ ਨਾਚ ਪੇਸ਼ ਕੀਤੇ ਗਏ | 10ਵੀਂ ਜਮਾਤ ਦੇ ਵਿਦਿਆਰਥੀਆਂ ਦਾ ਭੰਗੜਾ ਬਹੁਤ ਹੀ ਸ਼ਾਨਦਾਰ ਤੇ ਜੋਸ਼ ਭਰਿਆ ਸੀ | ਕੁਝ ਵਿਦਿਆਰਥੀਆਂ ਵਲੋਂ ਇਕ ਨਾਟਕ ਪੇਸ਼ ਕੀਤਾ ਗਿਆ ਜਿਸ ਵਿਚ ਇਹ ਦਰਸਾਇਆ ਗਿਆ ਕਿ ਮੋਬਾਈਲ ਫ਼ੋਨ ਨੇ ਸਾਨੂੰ ਕਿਵੇਂ ਕੈਦ ਕਰ ਰੱਖਿਆ ਹੈ ਤੇ ਅਸੀਂ ਇਸ ਤੋਂ ਖੁਦ ਤੇ ਆਪਣੇ ਬੱਚਿਆਂ ਨੂੰ ਕਿਵੇਂ ਬਚਾ ਸਕਦੇ ਹਾਂ | ਇਸ ਪ੍ਰੋਗਰਾਮ ਵਿਚ ਹਰੇਕ ਵਿਦਿਆਰਥੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ | ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਖਾਣ-ਪੀਣ ਦੀਆਂ ਵਸਤਾਂ ਦੇ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਏ ਗਏ, ਜਿੱਥੇ ਬੱਚੇ ਟੋਕਨ ਪ੍ਰਾਪਤ ਕਰ ਕੇ ਆਪਣੇ ਮਨਪਸੰਦ ਦੀ ਵਸਤ ਖਾ ਸਕਣ | ਇਸ ਮੌਕੇ ਸਕੂਲ ਦੇ ਮੁੱਖ ਪ੍ਰਬੰਧਕ ਜੋਗਿੰਦਰ ਕੌਰ, ਗੁਰਪ੍ਰੀਤ ਸਿੰਘ, ਪਿ੍ੰਸੀਪਲ ਹਰਪ੍ਰੀਤ ਕੌਰ, ਉਪ ਪਿ੍ੰਸੀਪਲ ਸਰਬਜੀਤ ਸਿੰਘ, ਪ੍ਰਭਜੀਤ ਕੌਰ, ਅਮਰਜੋਤ ਕੌਰ, ਅੰਮਿ੍ਤਪਾਲ ਕੌਰ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |