ਘਰੋਟਾ, 21 ਦਸੰਬਰ (ਸੰਜੀਵ ਗੁਪਤਾ)- ਪ੍ਰਸਿੱਧ ਉਦਯੋਗ ਸਿਰਮਾ ਐਸ.ਜੀ.ਐਸ. ਟੈਕਨੋਲੋਜੀ ਲਿਮਟਿਡ ਦੇ ਸੀਨੀਅਰ ਜਨਰਲ ਮੈਨੇਜਰ ਜੋਗਿੰਦਰ ਸਿੰਘ ਸਲਾਰੀਆ ਨੂੰ ਉਦਯੋਗ ਸੰਘ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ | ਜੋਗਿੰਦਰ ਸਿੰਘ ਘਰੋਟਾ ਇਲਾਕੇ ਦੇ ਪਿੰਡ ਚੌਹਾਨ ਦੇ ਵਾਸੀ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਇੰਡਸਟਰੀ ਵਿਚ ਆਪਣਾ ਅਲੱਗ ਸਥਾਨ ਸਥਾਪਿਤ ਕੀਤਾ ਹੈ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਪਿੰਡ ਚੌਹਾਨ ਵਿਖੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ | ਜੋਗਿੰਦਰ ਸਿੰਘ ਸਲਾਰੀਆ ਦੀ ਨਿਯੁਕਤੀ ਉਨ੍ਹਾਂ ਦੇ ਵਿਸ਼ਾਲ ਤਜਰਬੇ ਤੇ ਉਦਯੋਗਿਕ ਖੇਤਰ ਵਿਚ ਮੁਹਾਰਤ ਨੂੰ ਦੇਖਦੇ ਹੋਏ ਕੀਤੀ ਗਈ ਹੈ | ਉਹ ਸੰਘ ਦੇ ਮੈਂਬਰਾਂ ਨਾਲ ਮਿਲ ਕੇ ਉਦਯੋਗਾਂ ਦੇ ਵਿਕਾਸ, ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਸਰਗਰਮ ਭੂਮਿਕਾ ਨਿਭਾਉਣਗੇ | ਇਸ ਮੌਕੇ ਸੰਘ ਦੇ ਪ੍ਰਧਾਨ ਅਨਿਲ ਸ਼ਰਮਾ ਨੇ ਕਿਹਾ ਕਿ ਜੋਗਿੰਦਰ ਸਿੰਘ ਸਲਾਰੀਆ ਦੀ ਅਗਵਾਈ ਤੇ ਅਨੁਭਵ ਨਾਲ ਉਦਯੋਗ ਸੰਘ ਨੂੰ ਨਵੀਆਂ ਉਚਾਈਆਂ ਤੱਕ ਲਿਜਾਉਣ ਵਿਚ ਮਦਦ ਮਿਲੇਗੀ | ਆਪਣੀ ਨਿਯੁਕਤੀ ਉਪਰੰਤ ਜੋਗਿੰਦਰ ਸਿੰਘ ਸਲਾਰੀਆ ਨੇ ਕਿਹਾ ਕਿ ਖੇਤਰ ਦੇ ਉਦਯੋਗਾਂ ਦੀ ਤਰੱਕੀ ਮੇਰੀ ਪਹਿਲੀ ਤਰਜੀਹ ਰਹੇਗੀ | ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਨੂੰ ਇੱਕਜੁੱਟ ਹੋ ਕੇ ਹੱਲ ਕਰਨ ਅਤੇ ਸਰਕਾਰ ਨਾਲ ਬਿਹਤਰ ਤਾਲਮੇਲ ਬਣਾਉਣ ਲਈ ਮੈਂ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੰਮ ਕਰਾਂਗਾ |