ਵਡਾਲਾ ਗ੍ਰੰਥੀਆਂ, 22 ਦਸੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)- ਲਾਰੈਂਸ ਇੰਟਰਨੈਸ਼ਨਲ ਸਕੂਲ ਡੱਲਾ ਮੋੜ੍ਹ ਵਿਖੇ ਦੂਸਰੇ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ | ਇਸ ਮੌਕੇ ਮੁੱਖ ਮਹਿਮਾਨ ਮਨਮੋਹਨਦੀਪ ਕੌਰ ਸਿਵਲ ਜੱਜ-ਕਮ-ਜੁਡੀਸ਼ੀਅਲ ਮੈਜਿਸਟਰੇਟ ਜਲੰਧਰ ਤੇ ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਓਮ ਪ੍ਰਕਾਸ਼ ਕਸ਼ਯਪ ਸਾਬਕਾ ਮੁਖੀ ਸਰੀਰਕ ਸਿੱਖਿਆ ਵਿਭਾਗ ਬੇਰਿੰਗ ਕਾਲਜ ਬਟਾਲਾ, ਸਕੂਲ ਚੇਅਰਪਰਸਨ ਸੁਖਜਿੰਦਰ ਸਿੰਘ ਮੱਲਿਆਂਵਾਲ ਤੇ ਪਿ੍ੰਸੀਪਲ ਡਾ. ਰਮਨ ਕੁਮਾਰ ਵਲੋਂ ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਬਾਲ ਕੇ ਤੇ ਸਰਸਵਤੀ ਵੰਦਨਾ ਨਾਲ ਕੀਤੀ ਗਈ | ਵਿਦਿਆਰਥੀਆਂ ਵਲੋਂ ਮਾਰਚ ਪਾਸਟ ਕਰਦੇ ਹੋਏ ਆਏ ਮਹਿਮਾਨਾਂ ਨੂੰ ਸਲਾਮੀ ਦਿੱਤੀ ਗਈ | ਖੇਡ ਕੈਪਟਨ ਅਭੈਪ੍ਰਤਾਪ ਸਿੰਘ ਨੇ ਸਾਰੇ ਖਿਡਾਰੀਆਂ ਨੂੰ ਖੇਡ ਭਾਵਨਾ ਦੀ ਸਹੁੰ ਚਕਾਈ | ਇਸ ਤੋਂ ਬਾਅਦ ਵੱਖ-ਵੱਖ ਪ੍ਰਕਾਰ ਦੇ ਟਰੈਕ ਤੇ ਫੀਲਡ ਮੁਕਾਬਲੇ ਹੋਏ | ਇਸ ਵਿਚ 200 ਦੌੜ, 400 ਮੀਟਰ ਰਿਲੇਅ ਦੌੜ, ਹਰਡਲ ਦੌੜ, ਜੈਵਲਿਨ ਥ੍ਰੋ, ਲੰਬੀ ਛਲਾਂਗ, ਸ਼ਾਟਪੁੱਟ ਥਰੋਅ ਵਰਗੀਆਂ ਪ੍ਰਤੀਯੋਗਤਾਵਾਂ ਸ਼ਾਮਿਲ ਸਨ | ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਸ਼ਾਲ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਸਾਲ ਭਰ ਦਾ ਖਿਡਾਰੀ ਐਵਾਰਡ ਤਨੁਸ਼ ਕੁਮਾਰ ਤੇ ਲੜਕੀਆ ਦੀ ਸ਼ੇ੍ਰਣੀ 'ਚ ਗੁਰਲੀਨ ਕੌਰ ਨੂੰ ਮਿਲਿਆ | ਸਮਾਰੋਹ ਦੇ ਅੰਤ ਵਿਚ ਪਿ੍ੰਸੀਪਲ ਡਾ. ਰਮਨ ਕੁਮਾਰ ਨੇ ਆਏ ਮਾਪਿਆਂ ਦਾ ਧੰਨਵਾਦ ਕੀਤਾ |