ਨਰੋਟ ਮਹਿਰਾ, 27 ਦਸੰਬਰ (ਰਾਜ ਕੁਮਾਰੀ)- ਪਾਵਰਕਾਮ ਉਪ ਮੰਡਲ ਸਰਨਾ ਵਲੋਂ ਇਕ ਉਪਭੋਗਤਾ ਨੰੂ 45 ਹਜ਼ਾਰ ਰੁਪਏ ਦਾ ਗਲਤ ਬਿੱਲ ਭੇਜਣ ਦੇ ਵਿਰੋਧ ਵਿਚ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਵਲੋਂ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਸੰਬੰਧੀ ਪੀੜਤ ਮਹਿਲਾ ਤਜਿੰਦਰ ਕੌਰ ਵਾਸੀ ਆਦਰਸ਼ ਕਾਲੋਨੀ ਸਰਨਾ ਨੇ ਦੱਸਿਆ ਕਿ ਬਿਜਲੀ ਵਿਭਾਗ ਨੇ ਉਸ ਨੰੂ 45 ਹਜ਼ਾਰ ਦਾ ਬਿੱਲ ਭੇਜ ਦਿੱਤਾ ਹੈ | ਉਸ ਨੇ ਦੱਸਿਆ ਕਿ 25 ਤਾਰੀਖ਼ ਨੰੂ ਪਾਵਰ ਕਾਰਪੋਰੇਸ਼ਨ ਵਲੋਂ ਉਸ ਦੇ ਘਰ ਚਿੱਪ ਵਾਲਾ ਮੀਟਰ ਲਗਾਇਆ ਗਿਆ ਅਤੇ 29 ਤਾਰੀਖ਼ ਨੰੂ 7 ਹਜ਼ਾਰ ਮਾਈਨਸ ਵਿਚ ਤੇ ਫਿਰ 18 ਹਜ਼ਾਰ ਮਾਈਨਸ ਵਿਚ ਬਿੱਲ ਭੇਜਿਆ ਗਿਆ ਜਿਸ ਤੋਂ ਬਾਅਦ 29 ਹਜ਼ਾਰ ਹੋਰ ਬਿੱਲ ਜੋੜ ਕੇ ਉਸ ਨੰੂ 45 ਹਜ਼ਾਰ ਰੁਪਏ ਦਾ ਬਿੱਲ ਭੇਜ ਦਿੱਤਾ ਹੈ ਜਿਸ ਦੀ ਸ਼ਿਕਾਇਤ ਉਸ ਵਲੋਂ ਵਿਭਾਗ ਨੰੂ ਦਿੱਤੀ ਗਈ ਅਤੇ ਵਿਭਾਗ ਨੇ ਵੀ ਗ਼ਲਤ ਬਿੱਲ ਭੇਜਣ ਦੀ ਗੱਲ ਮੰਨੀ ਹੈ ਪਰ ਉਸ ਦੀ ਇਸ ਪ੍ਰੇਸ਼ਾਨੀ ਦਾ ਹੱਲ ਨਹੀਂ ਹੋਇਆ | ਕਿਸਾਨ ਮਜ਼ਦੂਰ ਏਕਤਾ ਯੂਨੀਅਨ ਦੇ ਆਗੂ ਕੇਵਲ ਸਿੰਘ ਕੰਗ ਨੇ ਦੱਸਿਆ ਕਿ ਪੀੜਤ ਮਹਿਲਾ ਕਈ ਵਾਰ ਦਫ਼ਤਰ ਸਰਨਾ ਵਿਖੇ ਚੱਕਰ ਲਗਾ ਚੁੱਕੀ ਹੈ | ਪਰ ਕਿਸੇ ਨੇ ਕੋਈ ਹੱਲ ਨਹੀਂ ਕੀਤਾ | ਉਨ੍ਹਾਂ ਮੰਗ ਕੀਤੀ ਕਿ ਪੀੜਤ ਵਿਧਵਾ ਮਹਿਲਾ ਦੀ ਇਸ ਪ੍ਰੇਸ਼ਾਨੀ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਵਿਭਾਗ ਖ਼ਿਲਾਫ਼ ਮੋਰਚਾ ਖੋਲਿ੍ਹਆ ਜਾਵੇਗਾ |