ਹਰਚੋਵਾਲ, 27 ਦਸੰਬਰ (ਢਿੱਲੋਂ, ਭਾਮ)-ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਸਾਹਿਬਜ਼ਾਦਿਆਂ ਦੇ ਚੱਲ ਰਹੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿਚ ਕਰਵਾਏ ਜਾ ਰਹੇ ਸਮਾਗਮਾਂ ਦੇ 6ਵੇਂ ਦਿਨ ਦੀ ਆਰੰਭਤਾ ਹੋਈ | ਇਸ ਮੌਕੇ ਭਾਈ ਹਰਜਿੰਦਰ ਸਿੰਘ ਰਜਾਦਾ ਕਥਾਵਾਚਕ ਨੇ ਗੁਰੂ ਘਰ ਆਈਆਂ ਸੰਗਤਾਂ ਨੂੰ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ ਬਹੁਤ ਲੋੜ ਹੈ | ਬੇਸ਼ੱਕ ਪਿੰਡ-ਪਿੰਡ ਧਾਰਮਿਕ ਸਮਾਗਮ ਹੋ ਰਹੇ ਹਨ ਪਰ ਨੌਜਵਾਨ ਬੱਚੇ ਅਜੇ ਵੀ ਨਸ਼ਿਆਂ ਵਿਚ ਫ਼ਸਦੇ ਜਾ ਰਹੇ ਹਨ | ਉਨ੍ਹਾਂ ਮਾਤਾ-ਪਿਤਾ ਨੂੰ ਕਿਹਾ ਕਿ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਜੀਵਨੀਆਂ, ਇਤਿਹਾਸ ਜ਼ਰੂਰ ਪੜ੍ਹਾਓ ਤੇ ਸੁਣਾਓ ਤਾਂ ਕਿ ਉਹ ਗੁਰਬਾਣੀ ਦੇ ਲੜ ਲੱਗ ਕੇ ਨਸ਼ਿਆਂ ਤੋਂ ਬਚ ਸਕਣ | ਗੁਰਦੁਆਰੇ ਦੇ ਮੁੱਖ ਜਥੇਦਾਰ ਬਾਬਾ ਬਲਵਿੰਦਰ ਸਿੰਘ ਤੇ ਬਾਬਾ ਦਲਬੀਰ ਸਿੰਘ ਵਲੋਂ ਕਥਾਵਾਚਕਾਂ, ਕੀਰਤਨ ਜਥਿਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ |