ਗੁਰਦਾਸਪੁਰ, 27 ਦਸੰਬਰ (ਪੰਕਜ ਸ਼ਰਮਾ)- ਪੰਜਾਬ ਵਿਚ ਚਾਈਨਾ ਡੋਰ ਲੋਕਾਂ ਦੀ ਜਾਨ ਲਈ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ | ਹਰ ਸਾਲ ਤਿਉਹਾਰਾਂ ਤੇ ਖ਼ਾਸ ਕਰਕੇ ਪਤੰਗਬਾਜ਼ੀ ਦੇ ਮੌਸਮ ਦੌਰਾਨ ਚਾਈਨਾ ਡੋਰ ਕਾਰਨ ਕਈ ਦਰਦਨਾਕ ਹਾਦਸੇ ਵਾਪਰਦੇ ਹਨ | ਇਸ ਖ਼ਤਰਨਾਕ ਡੋਰ ਨਾਲ ਗਲੇ ਕੱਟਣ ਦੀਆਂ ਘਟਨਾਵਾਂ, ਮੋਟਰਸਾਈਕਲ ਤੇ ਸਕੂਟਰ ਸਵਾਰਾਂ ਦੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ | ਬੇਜ਼ੁਬਾਨ ਪੰਛੀਆਂ ਦੀ ਮੌਤ ਵੀ ਚਾਈਨਾ ਡੋਰ ਦਾ ਵੱਡਾ ਨੁਕਸਾਨ ਮੰਨੀ ਜਾ ਰਹੀ ਹੈ | ਭਾਵੇਂ ਸਰਕਾਰ ਵਲੋਂ ਚਾਈਨਾ ਡੋਰ ਦੀ ਵਿਕਰੀ, ਭੰਡਾਰਨ ਤੇ ਵਰਤੋਂ 'ਤੇ ਪਾਬੰਦੀ ਲਗਾਈ ਹੈ ਪਰ ਇਸ ਦੇ ਬਾਵਜੂਦ ਕੁਝ ਵਪਾਰੀ ਚੁੱਪਚਾਪ ਇਸ ਦੀ ਵਿਕਰੀ ਕਰ ਰਹੇ ਹਨ | ਇਸ ਮਾਮਲੇ ਨੂੰ ਲੈ ਕੇ ਸਮਾਜ ਸੇਵੀ ਸ਼ਾਮ ਸਿੰਘ ਠਾਕੁਰ ਨੇ ਪ੍ਰਸ਼ਾਸਨ ਤੇ ਪੁਲਿਸ ਤੋਂ ਸਖ਼ਤ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਤੁਰੰਤ ਮਾਮਲਾ ਦਰਜ ਕੀਤਾ ਜਾਵੇ | ਉਨ੍ਹਾਂ ਦਾ ਮੰਨਣਾ ਹੈ ਕਿ ਜਨ-ਸਹਿਯੋਗ ਨਾਲ ਹੀ ਚਾਈਨਾ ਡੋਰ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕਦੀ ਹੈ | |