ਜਲਾਲਾਬਾਦ, 1 ਜੂਨ (ਹਰਪ੍ਰੀਤ ਸਿੰਘ ਪਰੂਥੀ)-ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਸੰਵਿਧਾਨ ਬਚਾਓ ਰੈਲੀ ਦੌਰਾਨ ਕਿਹਾ ਕਿ ਬਾਹਰੀ ਹਲਕਿਆਂ ਤੋਂ ਲੀਡਰ ਪਿਛਲੇ ਕਈ ਸਾਲਾਂ ਤੋਂ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਆ ਜਾਂਦੇ ਹਨ ਅਤੇ ਚੋਣਾਂ ਹੋਣ ਦੇ ਬਾਅਦ ਹਲਕੇ ਵਿਚੋਂ ਭਗੌੜੇ ਹੋ ਜਾਂਦੇ ਹਨ, ਜਿਸ ਦਾ ਖ਼ਮਿਆਜ਼ਾ ਵਰਕਰਾਂ ਨੂੰ ਭੁਗਤਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ 2027 ਵਿਚ ਅਜਿਹਾ ਨਹੀਂ ਹੋਵੇਗਾ ਅਤੇ ਇਸ ਵਾਰ ਜਲਾਲਾਬਾਦ ਹਲਕੇ ਦਾ ਲੀਡਰ ਹੀ ਚੋਣ ਲੜੇਗਾ ਅਤੇ ਪੂਰੀ ਪਾਰਟੀ ਅਤੇ ਇੱਥੋਂ ਦੇ ਕਾਂਗਰਸੀ ਲੀਡਰ ਉਨ੍ਹਾਂ ਦਾ ਸਾਥ ਦੇਣਗੇ ਕਿਉਂਕਿ ਇਲਾਕੇ ਦਾ ਲੀਡਰ ਹੀ ਆਪਣੇ ਇਲਾਕੇ ਅਤੇ ਇਲਾਕਾ ਵਾਸੀਆਂ ਦੀਆਂ ਦੁੱਖ ਤਕਲੀਫ਼ਾਂ ਨੂੰ ਸਹੀ ਤਰੀਕੇ ਨਾਲ ਸਮਝ ਸਕਦਾ ਹੈ | ਇਸ ਮੌਕੇ ਸ਼ੇਰ ਸਿੰਘ ਘੁਬਾਇਆ ਨੇ ਬਿਨਾ ਨਾਮ ਲਏ ਸਿੱਧੇ-ਅਸਿੱਧੇ ਤੌਰ ਤੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਲਾਕੇ ਦੇ ਕਾਂਗਰਸੀ ਵਰਕਰਾਂ ਵੱਲੋਂ ਮਿਹਨਤ ਅਤੇ ਲਗਨ ਨਾਲ ਪਹਿਲਾਂ ਵੀ ਇੱਕ ਵਾਰੀ ਇੱਕ ਬਾਹਰੀ ਲੀਡਰ ਨੂੰ ਜਲਾਲਾਬਾਦ ਤੋਂ ਜ਼ਿਮਨੀ ਚੋਣ ਜਿਤਾਈ ਗਈ ਸੀ ਪਰ ਉਕਤ ਲੀਡਰ ਨੇ ਲੀਡਰਾਂ ਦੇ ਨਾਲ ਨਾਲ ਵਰਕਰਾਂ ਵਿਚ ਵੀ ਆਪਸੀ ਫੁੱਟ ਪਵਾ ਦਿੱਤੀ | ਉਨ੍ਹਾਂ ਕਿਹਾ ਕਿ ਉਕਤ ਲੀਡਰ ਨੂੰ ਹੁਣ ਇਹ ਵੀ ਨਹੀਂ ਪਤਾ ਕਿ ਉਹ ਕਿਸ ਪਾਰਟੀ ਵਿਚ ਹੈ | ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਵੀ ਕਿਹਾ ਕਿ ਅਜਿਹੇ ਹਵਾਈ ਲੀਡਰਾਂ ਦੇ ਨਾਲ ਨਾਲ ਇਲਾਕੇ ਦੇ ਅਜਿਹੇ ਲੀਡਰਾਂ ਨੂੰ ਵੀ ਮੂੰਹ ਨਾ ਲਾਉਣ ਕਿਉਂਕਿ ਪਾਰਟੀ ਵਿਚ ਅਹੁਦੇ ਅਤੇ ਚੇਅਰਮੈਨੀਆਂ ਲੈ ਕੇ ਬਾਅਦ ਵਿਚ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਦੇ ਹਨ |