ਅਬੋਹਰ, 1 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਪੰਚਮ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਕਰਵਾਏ ਗੁਰਮਤਿ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਥਾਨਕ ਕੰਧਵਾਲਾ ਰੋਡ ਸਥਿਤ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਪੁੱਜ ਕੇ ਇਲਾਕੇ ਦੇ ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਟੇਕ ਸਿੰਘ ਧਨੌਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ, ਜਿਨ੍ਹਾਂ ਦਾ ਗੁਰਦੁਆਰਾ ਸੰਗਤਸਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਸੰਧੂ, ਗੁਰਮਿੰਦਰ ਸਿੰਘ, ਦਵਿੰਦਰ ਸਿੰਘ ਵਾਹਲਾ ਸਣੇ ਸਮੁੱਚੀ ਕਮੇਟੀ ਅਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਦੇ ਹੋਏ ਜਥੇਦਾਰ ਸਾਹਿਬਾਨਾਂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੌਰ ਸਿੰਘ ਬਹਾਵਵਾਲਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ, ਅਬੋਹਰ ਹਲਕੇ ਦੇ ਵਿਧਾਇਕ ਸੰਦੀਪ ਜਾਖੜ, ਨਗਰ ਨਿਗਮ ਦੇ ਮੇਅਰ ਵਿਮਲ ਠੱਠਈ, ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਹਰਪ੍ਰੀਤ ਸਿੰਘ ਆਦਿ ਨੇ ਵੀ ਜਥੇਦਾਰ ਸਾਹਿਬਾਨਾਂ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ | ਇਸ ਤੋਂ ਪਹਿਲਾ ਅਬੋਹਰ ਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਸਥਿਤ ਖੰਡਾ ਚੌਂਕ ਵਿਖੇ ਲਗਾਈ ਛਬੀਲ ਦੌਰਾਨ ਵੀ ਜਥੇਦਾਰ ਸਾਹਿਬਾਨਾਂ ਨੇ ਹਾਜ਼ਰੀ ਭਰਦੇ ਹੋਏ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ | ਇਸ ਉਪਰੰਤ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਸੰਬੋਧਨ ਕਰਦੇ ਹੋਏ ਜਥੇਦਾਰ ਗੜਗੱਜ ਨੇ ਕਿਹਾ ਕਿ ਗ੍ਰੰਥੀ ਸਿੰਘ ਗੁਰੂ ਘਰ ਦੇ ਵਜ਼ੀਰ ਮੰਨੇ ਜਾਂਦੇ ਹਨ ਅਤੇ ਜਿਨ੍ਹਾਂ ਦਾ ਸਤਿਕਾਰ ਕਰਨਾ ਸੰਗਤ ਦਾ ਫ਼ਰਜ਼ ਬਣਦਾ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਵਲ਼ੋਂ ਲਗਾਈ ਗ੍ਰੰਥੀ ਸਿੰਘਾਂ ਦੀ ਤਿੰਨ ਦਿਨਾਂ ਵਰਕਸ਼ਾਪ ਵਿਚ ਸ਼ਾਮਿਲ ਇਲਾਕੇ ਦੇ 150 ਦੇ ਕਰੀਬ ਗ੍ਰੰਥੀ ਸਿੰਘਾਂ ਨੂੰ ਸਿੱਖ ਰਹਿਤ ਮਰਿਆਦਾ ਦਿ੍ੜ੍ਹ ਕਰਵਾਈ ਗਈ ਜੋ ਕਿ ਇਲਾਕੇ ਦੇ ਵੱਖ-ਵੱਖ ਗੁਰੂ ਘਰਾਂ ਵਿਚ ਸੰਗਤਾਂ ਲਈ ਪ੍ਰਚਾਰ ਕਰਨਗੇ | ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਗ੍ਰੰਥੀ ਸਿੰਘਾਂ ਲਈ ਯੋਗ ਤਨਖ਼ਾਹ ਅਤੇ ਸੇਵਾ ਦੇਣ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੇ ਪਰਿਵਾਰ ਦਾ ਚੰਗਾ ਗੁਜ਼ਾਰਾ ਕਰ ਸਕਣ | ਅਬੋਹਰ ਅਤੇ ਬੱਲੂਆਣਾ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਗ੍ਰੰਥੀ ਸਿੰਘਾਂ ਨੂੰ ਜਥੇਦਾਰ ਗੜਗੱਜ ਅਤੇ ਜਥੇਦਾਰ ਧਨੌਲਾ ਵਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਪਤੀ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਸੰਧੂ, ਦਵਿੰਦਰ ਸਿੰਘ ਵਾਹਲਾ ਅਤੇ ਸਮੂਹ ਮੈਂਬਰਾਂ ਵਲ਼ੋਂ ਜਥੇਦਾਰ ਸਾਹਿਬਾਨ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਰਨਲ ਐੱਸ.ਪੀ.ਆਰ ਗਾਬਾ, ਸੁਖਜਿੰਦਰ ਸਿੰਘ ਰਾਜਨ, ਗੁਰਵਿੰਦਰ ਸਿੰਘ ਵਿਪਨ, ਵਿਨੈੇ ਪ੍ਰਤਾਪ ਸਿੰਘ ਖ਼ਾਲਸਾ, ਪਰਮਿੰਦਰ ਸਿੰਘ ਗਿੱਲ, ਬਾਬਾ ਗੁਰਦਾਸ ਸਿੰਘ, ਬਲਵਿੰਦਰ ਸਿੰਘ ਬਿੰਦਰ, ਤਰਲੋਚਨ ਸਿੰਘ, ਸੁਖਜਿੰਦਰ ਸਿੰਘ ਸੁੱਖਾ, ਸਾਹਿਲ ਛਾਬੜਾ, ਸਚਿਨਜੀਤ ਸਿੰਘ, ਅੰਮਿ੍ਤਪਾਲ ਸਿੰਘ, ਅੰਸ਼ਦੀਪ ਸਿੰਘ, ਬਲਜੀਤ ਸਿੰਘ ਬਬਲਾ, ਪਰਮਿੰਦਰ ਸਿੰਘ ਪੰਮਾ ਖ਼ਾਲਸਾ, ਮਨਜੀਤ ਸਿੰਘ ਪੋਪਲੀ, ਅਮਰੀਕ ਸਿੰਘ ਪਰੂਥੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |