ਅਬੋਹਰ, 3 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) - ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਤਾਜ਼ਾ ਪੱਟੀ ਤੋਂ ਗੋਬਿੰਦਗੜ੍ਹ ਨੂੰ ਜਾਣ ਵਾਲੀ ਲਿੰਕ ਰੋਡ 'ਤੇ ਪਿਛਲੇ ਕਾਫ਼ੀ ਸਮੇਂ ਤੋਂ ਵੱਡੇ-ਵੱਡੇ ਟੋਏ ਪਏ ਹੋਏ ਹਨ ਜਿਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਪਿੰਡ ਤਾਜ਼ਾ ਪੱਟੀ ਦੇ ਵਸਨੀਕ ਗੁਰਬਚਨ ਸਿੰਘ, ਸੁਭਾਸ਼ ਸਿਆਗ, ਸੰਦੀਪ ਸਿਆਗ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਤਾਜ਼ਾ ਪੱਟੀ ਤੋਂ ਗੋਬਿੰਦਗੜ੍ਹ ਨੂੰ ਜਾਣ ਵਾਲੀ ਰੋਡ 'ਤੇ ਕਾਫ਼ੀ ਸਮੇਂ ਤੋਂ ਲਗਭਗ 6-6 ਫੁੱਟ ਡੂੰਘੇ ਟੋਏ ਹਨ ਜਿਸ ਕਾਰਨ ਉਸ ਸੜਕ ਤੋਂ ਜਾਣ ਵਾਲੇ ਪਿੰਡਾਂ ਵਾਲਿਆਂ ਨੂੰ ਕਾਫ਼ੀ ਪਰੇਸ਼ਾਨੀ ਆਉਂਦੀ ਹੈ ਤੇ ਬਾਹਰੋਂ ਆਉਣ ਜਾਣ ਵਾਲੇ ਕਾਫ਼ੀ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਫੱਟੜ ਹੋਏ ਹਨ ਜਦ ਕਿ ਪ੍ਰਸ਼ਾਸਨ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹ ਡੂੰਘੇ ਟੋਏ ਜਲਦ ਭਰਵਾਏ ਜਾਣ ਤਾਂ ਜੋ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਸਕੇ | ਇਸ ਮੌਕੇ ਅਰਵਿੰਦ, ਪਵਨ, ਹਿਮਾਂਸ਼ੂ, ਰੋਤਾਸ਼ ਕੁਮਾਰ ਆਦਿ ਪਿੰਡ ਵਾਸੀ ਹਾਜ਼ਰ ਸਨ |