ਅਬੋਹਰ, 3 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) -ਪੰਜਾਬ ਦੇ ਦਰਜਨ ਤੋਂ ਵੱਧ ਜ਼ਿਲੇ੍ਹ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹਨ, ਜਿਸ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਬਰਾਬਰ ਦੇ ਜ਼ਿੰਮੇਵਾਰ ਹਨ | ਉਕਤ ਸ਼ਬਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਅਬੋਹਰ ਕਨਵੀਨਰ ਜਗਜੀਤ ਸਿੰਘ ਸੰਧੂ ਝੁਰੜ ਖੇੜਾ ਨੇ ਗੱਲਬਾਤ ਕਰਦੇ ਹੋਏ ਸਾਂਝੇ ਕੀਤੇ | ਇਸ ਮੌਕੇ ਉਨ੍ਹਾਂ ਨਾਲ ਬੱਲੂਆਣਾ ਕਨਵੀਨਰ ਨਿਰਮਲ ਸਿੰਘ ਬਹਾਵਵਾਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਜਗਜੀਤ ਸਿੰਘ ਸੰਧੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਵਲੋਂ ਸੱਤਾ ਸੰਭਾਲਣ ਉਪਰੰਤ ਦਰਿਆਵਾਂ ਕੰਢਿਆਂ ਤੋਂ ਰੇਤੇ ਦੀ ਚੋਰ ਬਾਜ਼ਾਰੀ ਲਗਾਤਾਰ ਜਾਰੀ ਰਹੀ ਜਿਸ ਕਾਰਨ ਦਰਿਆਵਾਂ ਦੇ ਕੰਢੇ ਕਮਜ਼ੋਰ ਹੋ ਗਏ ਤੇ ਲਗਾਤਾਰ ਪੰਜਾਬ ਤੇ ਪਹਾੜੀ ਖੇਤਰਾਂ ਵਿਚ ਪੈ ਰਹੀ ਬਰਸਾਤ ਕਾਰਨ ਦਰਿਆਵਾਂ ਦੇ ਕੰਢੇ ਹੋਣ ਕਾਰਨ ਪਾਣੀ ਵੀ ਓਵਰਫ਼ਲੋ ਹੋ ਗਿਆ ਜਿਸ ਕਾਰਨ ਪੰਜਾਬ ਦੇ ਬਹੁਤੇ ਜ਼ਿਲੇ੍ਹ ਹੜ੍ਹਾਂ ਦੀ ਮਾਰ ਝੱਲ ਰਹੇ ਹਨ | ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿਚ ਸੇਮ ਨਾਲਿਆਂ ਦੀ ਮੁਕੰਮਲ ਸਫ਼ਾਈ ਨਾ ਹੋਣ ਕਾਰਨ ਸੇਮ ਨਾਲੇ ਵੀ ਓਵਰਫ਼ਲੋ ਹੋ ਗਏ ਜਿਸ ਕਾਰਨ ਹਾਲਾਤ ਹੋਰ ਵੀ ਬਦ ਤੋਂ ਬਦਤਰ ਬਣ ਗਏ, ਜਿਸ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਹਿਰੀ ਵਿਭਾਗ ਜ਼ਿੰਮੇਵਾਰ ਹੈ ਜਦ ਕਿ ਹੁਣ ਆਮ ਆਦਮੀ ਪਾਰਟੀ ਸਣੇ ਸਮੂਹ ਸਿਆਸੀ ਧਿਰਾਂ ਦੇ ਨੁਮਾਇੰਦੇ ਹੜ੍ਹ ਪੀੜਤਾਂ ਦੇ ਨਾਲ ਹਮਦਰਦੀ ਨਹੀਂ ਫ਼ੋਟੋ ਸੈਸ਼ਨ ਕਰਵਾਉਣ ਜੁੱਟ ਰਹੇ ਹਨ | ਜੇਕਰ ਸਿਆਸੀ ਲੀਡਰ ਚਾਹੁਣ ਤਾਂ ਆਪਣੇ ਪੱਧਰ 'ਤੇ ਹੀ ਬਹੁਤ ਵੱਡੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੀ ਮਦਦ ਕਰ ਸਕਦੇ ਹਨ ਪਰ 1-1 ਮਹੀਨੇ ਦੀ ਤਨਖ਼ਾਹ ਰਾਹਤ ਕੋਸ਼ ਫੰਡ ਵਿਚ ਦੇ ਕੇ ਦਿਖਾਵਾ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਦਾ ਕੋਈ ਵੀ ਨੁਮਾਇੰਦਾ 2 ਹਫ਼ਤਿਆਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਪ੍ਰਤੀ ਇਕ ਸ਼ਬਦ ਨਹੀਂ ਬੋਲਿਆ ਜਦ ਕਿ ਅਫ਼ਗਾਨਿਸਤਾਨ ਵਿਚ ਆਏ ਭੂਚਾਲ ਸੰਬੰਧੀ ਮਦਦ ਲਈ ਝੱਟ ਹੀ ਪ੍ਰਧਾਨ ਮੰਤਰੀ ਟਵੀਟ ਕਰ ਦਿੰਦੇ ਹਨ | ਦੂਜੇ ਪਾਸੇ ਪੰਜਾਬ ਦੇ ਲੋਕ ਲਗਾਤਾਰ ਜਾਨ ਤੇ ਮਾਲ ਦੀ ਰਾਖੀ ਲਈ ਜੂਝ ਰਹੇ ਹਨ | ਦੇਸ਼ ਦੀ ਭਾਜਪਾ ਸਰਕਾਰ ਪੰਜਾਬ ਨਾਲ ਵਿਤਕਰੇ ਭਰਿਆ ਸਲੂਕ ਕਰ ਰਹੀ ਹੈ ਜਿਸ ਕਾਰਨ ਪੰਜਾਬ ਦੀ ਜਨਤਾ ਦਾ ਹਮੇਸ਼ਾ ਦਿੱਲੀ ਸਰਕਾਰ 'ਤੇ ਵਿਸ਼ਵਾਸ ਨਹੀਂ ਬਣ ਪਾਇਆ | ਜਦ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਨ ਤਾਂ ਦਿੱਲੀ ਸਣੇ ਗੋਦੀ ਮੀਡੀਆ ਪੰਜਾਬ ਦੇ ਲੋਕਾਂ ਨੂੰ ਬਾਗ਼ੀ ਦਾ ਖ਼ਿਤਾਬ ਝੱਟ ਦੇ ਦਿੰਦੇ ਹੈ |