ਫ਼ਾਜ਼ਿਲਕਾ, 3 ਸਤੰਬਰ (ਦਵਿੰਦਰ ਪਾਲ ਸਿੰਘ)- ਰੀਕ੍ਰੀਏਸ਼ਨ ਕਲੱਬ ਨੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਦਿਖਾਉਂਦੇ ਹੋਏ, ਫ਼ਾਜ਼ਿਲਕਾ ਦੇ ਲਗਭਗ 14 ਪਿੰਡਾਂ ਦੇ ਲੋਕਾਂ ਦੀ ਸੇਵਾ ਕਰਨ 'ਚ ਇੱਕ ਸ਼ਲਾਘਾਯੋਗ ਯਤਨ ਕੀਤਾ ਹੈ ਹਰ ਪਾਸੇ ਹੜ੍ਹ ਦਾ ਪਾਣੀ ਫੈਲਣ ਕਾਰਨ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਫ਼ਾਜ਼ਿਲਕਾ ਦੇ ਡੀ.ਸੀ. ਤੇ ਕਲੱਬ ਪ੍ਰਧਾਨ ਅਮਰਪ੍ਰੀਤ ਕੌਰ ਸੰਧੂ, ਵਾਈਸ ਚੇਅਰਮੈਨ ਐੱਸ.ਐੱਸ.ਪੀ. ਗੁਰਮੀਤ ਸਿੰਘ ਤੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੇ ਸੱਦੇ 'ਤੇ ਕਲੱਬ ਸਕੱਤਰ ਅਸ਼ੋਕ ਕਾਮਰਾ ਤੇ ਉਨ੍ਹਾਂ ਦੀ ਪੂਰੀ ਟੀਮ ਨੇ ਆਪਣੇ ਪੱਧਰ 'ਤੇ ਤੇ ਸ਼ਹਿਰ ਦੇ ਦਾਨੀ ਲੋਕਾਂ ਤੇ ਸੰਸਥਾਵਾਂ ਦੀ ਮਦਦ ਨਾਲ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦੇ 2500 ਕਰੇਟ ਪ੍ਰਦਾਨ ਕੀਤੇ ਹਨ | ਪਾਣੀ ਦੇ ਇਹ ਕਰੇਟ ਬੀਤੀ ਸ਼ਾਮ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੂੰ ਸੌਂਪੇ ਗਏ | ਕਲੱਬ ਪਹੁੰਚੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੂੰ ਸਕੱਤਰ ਅਸ਼ੋਕ ਕਾਮਰਾ ਨੇ ਦੱਸਿਆ ਕਿ ਕੁੱਲ 2500 ਕਰੇਟਾਂ ਵਿਚੋਂ 1200 ਕਰੇਟ ਰੀਕ੍ਰੀਏਸ਼ਨ ਕਲੱਬ ਵਲੋਂ ਕਲੱਬ ਦੇ ਸੀਨੀਅਰ ਮੈਂਬਰ ਤੇ ਸ਼ਹਿਰ ਦੇ ਉੱਘੇ ਸਮਾਜ ਸੇਵਕ ਸੇਠ ਸੰਜੀਵ ਨਾਗਪਾਲ ਦੀ ਮਦਦ ਨਾਲ ਪ੍ਰਦਾਨ ਕੀਤੇ ਗਏ ਹਨ | ਕਲੱਬ ਦੇ ਸੱਦੇ 'ਤੇ ਹੋਟਲ ਬਲੈਕ ਈਗਲ ਦੇ ਸੰਚਾਲਕ ਵਿਕੀ ਬਤਰਾ ਵੱਲੋਂ 600 ਕਰੇਟ, ਕੈਮਿਸਟ ਐਸੋਸੀਏਸ਼ਨ ਵੱਲੋਂ 300 ਕਰੇਟ ਤੇ ਕਲੱਬ ਵੱਲੋਂ 300 ਕਰੇਟ ਦਾਨ ਕੀਤੇ ਗਏ ਹਨ, ਜਦੋਂ ਕਿ ਫ਼ਾਜ਼ਿਲਕਾ ਦੇ ਪਾਕਪਟਨੀਆ ਸਵੀਟਸ ਵਲੋਂ 100 ਕਰੇਟ ਮਿਨਰਲ ਵਾਟਰ ਦਾਨ ਕੀਤੇ ਗਏ ਹਨ | ਕਲੱਬ ਦੇ ਸਕੱਤਰ ਅਸ਼ੋਕ ਕਾਮਰਾ ਨੇ ਕਿਹਾ ਕਿ ਕਲੱਬ ਦੇ ਉਪ ਪ੍ਰਧਾਨ ਡਾ. ਰਵੀ ਗਗਨੇਜਾ, ਖ਼ਜ਼ਾਨਚੀ ਰਾਜੇਸ਼ ਨਾਗਪਾਲ ਤੇ ਮੈਂਬਰ ਇੰਜੀਨੀਅਰ ਸੰਜੀਵ ਨਾਗਪਾਲ ਤੇ ਸਾਰੇ ਦਾਨੀ ਲੋਕਾਂ ਤੇ ਸੰਸਥਾਵਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਇੱਕ ਛੋਟੀ ਜਿਹੀ ਅਪੀਲ 'ਤੇ ਹੜ੍ਹ ਪੀੜਤਾਂ ਲਈ ਪੀਣ ਵਾਲੇ ਪਾਣੀ ਦੀ ਮਦਦ ਕੀਤੀ | ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕਿ੍ਸ਼ਨ ਕਟਾਰੀਆ, ਮਹਿੰਦਰ ਪ੍ਰਤਾਪ, ਸੁਰਿੰਦਰਪਾਲ ਸਿੰਘ ਘੋਘਾ, ਸਰਪੰਚ ਬਲਵਿੰਦਰ ਸਿੰਘ, ਨਰਿੰਦਰ ਪ੍ਰਣਾਮੀ, ਵਿਜੇ ਕੁਮਾਰ ਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ |