ਫ਼ਾਜ਼ਿਲਕਾ, 3 ਸਤੰਬਰ (ਦਵਿੰਦਰ ਪਾਲ ਸਿੰਘ)-ਡਾ. ਰਾਜ ਕੁਮਾਰ ਸਿਵਲ ਸਰਜਨ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਨੀਲੂ ਚੁੱਘ ਜ਼ਿਲ੍ਹਾ ਟੀ. ਬੀ. ਅਫ਼ਸਰ ਫ਼ਾਜ਼ਿਲਕਾ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਤੇ ਰਾਹਤ ਕੈਂਪਾਂ ਵਿਚ ਤਪਦਿਕ ਦੇ ਮਰੀਜ਼ਾਂ ਦੀਆਂ ਪਹਿਲਾਂ ਤੋਂ ਹੀ ਚੱਲ ਰਹੀਆਂ ਦਵਾਈਆਂ ਸਬੰਧੀ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲਗਭਗ 35 ਮਰੀਜ਼ਾਂ ਦੀਆਂ ਪਹਿਲਾਂ ਤੋਂ ਹੀ ਤਪਦਿਕ ਦੀਆਂ ਦਵਾਈਆਂ ਚੱਲ ਰਹੀਆਂ ਹਨ | ਇਹਨਾਂ ਖੇਤਰਾਂ ਵਿਚ ਪਹਿਲਾਂ ਤੋਂ ਹੀ ਐਨ.ਟੀ.ਈ.ਪੀ. ਸਟਾਫ਼ ਤੇ ਆਸ਼ਾ ਦੀ ਸਹਾਇਤਾ ਨਾਲ ਤਪਦਿਕ ਦੇ ਮਰੀਜ਼ਾਂ ਨੂੰ ਲਗਭਗ ਇੱਕ ਇੱਕ ਮਹੀਨੇ ਦੀਆਂ ਦਵਾਈਆਂ ਦਿੱਤੀਆਂ ਗਈਆਂ ਹਨ | ਡਾ ਨੀਲੂ ਚੁੱਘ ਵੱਲੋਂ ਸਲੇਮਸ਼ਾਹ ਤੇ ਮੌਜਮ ਵਿਖੇ ਮੈਡੀਕਲ ਟੀਮਾਂ ਨੂੰ ਵੀ ਮਿਲੇ | ਉਨ੍ਹਾਂ ਵਲੋਂ ਕੈਂਪਾਂ ਵਿਚ ਆਏ ਮਰੀਜ਼ਾਂ ਦੀ ਤਪਦਿਕ ਸਬੰਧੀ ਜਾਂਚ ਵੀ ਕੀਤੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਦੋ ਹਫ਼ਤਿਆਂ ਤੋਂ ਜ਼ਿਆਦਾ ਖਾਂਸੀ, ਬੁਖ਼ਾਰ, ਭਾਰ ਘਟਣਾ, ਕਮਜ਼ੋਰੀ ਵਰਗੇ ਲੱਛਣ ਦਿਸਣ ਤਾਂ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਚੈੱਕ ਕਰਵਾ ਸਕਦੇ ਹਨ | ਜ਼ਿਲੇ੍ਹ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਤਪਦਿਕ ਦੀ ਬਿਮਾਰੀ ਦੇ ਟੈੱਸਟ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਇਸ ਸਮੇਂ ਬੀ. ਈ. ਈ. ਦਿਵੇਸ਼ ਕੁਮਾਰ, ਵਿਕੀ ਕੁਮਾਰ ਮਲਟੀਪਰਪਜ਼ ਹੈਲਥ ਵਰਕਰ ਤੇ ਸਿਹਤ ਸਟਾਫ਼ ਹਾਜ਼ਰ ਸੀ |