ਅਬੋਹਰ, 3 ਸਤੰਬਰ (ਵਿਵੇਕ ਹੂੜੀਆ)-ਅਬੋਹਰ ਦੇ ਥਾਣਾ ਨੰਬਰ -2 ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਟੀਮ ਨੇ ਨਾਕਾਬੰਦੀ ਦੌਰਾਨ ਸ਼੍ਰੀ ਮੁਕਤਸਰ ਵਾਸੀ ਇਕ ਮੋਟਰਸਾਈਕਲ ਸਵਾਰ ਨੂੰ 370 ਗਰਾਮ ਅਫ਼ੀਮ ਸਮੇਤ ਫੜ ਲਿਆ | ਪੁਲਿਸ ਨੇ ਉਸ ਨੂੰ ਅਬੋਹਰ ਦੇ ਬਹਾਵਲਵਾਸੀ ਲਿੰਕ ਰੋਡ 'ਤੇ ਫੜ ਲਿਆ ਤੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ | ਜਾਣਕਾਰੀ ਅਨੁਸਾਰ ਸਹਾਇਕ ਸਟੇਸ਼ਨ ਅਫ਼ਸਰ ਗੁਰਮੇਲ ਸਿੰਘ ਕੱਲ੍ਹ ਸ਼ਾਮ ਪੁਲਿਸ ਟੀਮ ਦੇ ਨਾਲ ਬਹਾਵਲਵਾਸੀ ਢਾਣੀ ਤੋਂ ਆਉਂਦੀ ਲਿੰਕ ਰੋਡ 'ਤੇ ਰੇਲਵੇ ਲਾਈਨ ਦੇ ਬੰਦ ਰਸਤੇ ਨੇੜੇ ਗਸ਼ਤ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਇਕ ਬਾਈਕ ਸਵਾਰ ਨੂੰ ਆਉਂਦੇ ਦੇਖਿਆ ਜਿਸ ਨੇ ਮੋਟਰਸਾਈਕਲ ਪਿੱਛੇ ਮੋੜ ਲਈ ਤੇ ਪੁਲਿਸ ਟੀਮ ਨੂੰ ਦੇਖ ਕੇ ਭੱਜਣ ਲੱਗ ਪਿਆ ਪਰ ਪੁਲਿਸ ਟੀਮ ਨੇ ਉਸ ਨੂੰ ਫੜ ਲਿਆ ਤੇ ਉਸ ਦੀ ਤਲਾਸ਼ੀ ਲਈ, ਉਸ ਤੋਂ 370 ਗਰਾਮ ਅਫ਼ੀਮ ਬਰਾਮਦ ਹੋਈ | ਗਿ੍ਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਕਟਾਂਵਾਲੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ | ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿ੍ਫ਼ਤਾਰ ਕੀਤੇ ਗਏ ਨੌਜਵਾਨ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਪੁਲਿਸ ਰਿਮਾਂਡ ਦੌਰਾਨ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ |