ਅਬੋਹਰ, 3 ਸਤੰਬਰ (ਵਿਵੇਕ ਹੂੜੀਆ)- ਅਬੋਹਰ ਦੇ ਪਿੰਡ ਸ਼ੇਰਗੜ੍ਹ ਦੇ ਇਕ ਵਿਅਕਤੀ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ ਵਿਚ ਦਰਖ਼ਤ ਨਾਲ ਲਟਕਦੀ ਮਿਲੀ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਕੁੱਝ ਦੋਸਤਾਂ ਨੇ ਉਸ ਦਾ ਕਤਲ ਕੀਤਾ ਹੈ | ਇਹ ਕਤਲ ਹੈ ਜਾਂ ਖ਼ੁਦਕੁਸ਼ੀ, ਇਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ | ਫ਼ਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਵਿਚ ਰੱਖ ਦਿੱਤਾ ਹੈ | ਮਿ੍ਤਕ ਤਿੰਨ ਬੱਚਿਆਂ ਦਾ ਪਿਤਾ ਸੀ | ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਪੁੱਤਰ ਹਜ਼ਾਰੀ ਰਾਮ, ਉਮਰ ਲਗਭਗ 35 ਸਾਲ ਇਕ ਮਜ਼ਦੂਰ ਸੀ | ਉਸ ਦੇ ਪਰਿਵਾਰ ਅਨੁਸਾਰ ਬੀਤੀ ਰਾਤ ਉਹ ਆਪਣੇ ਤਿੰਨ-ਚਾਰ ਦੋਸਤਾਂ ਨਾਲ ਪਿੰਡ ਵਿਚ ਸ਼ਰਾਬ ਦੀ ਦੁਕਾਨ 'ਤੇ ਸ਼ਰਾਬ ਪੀਣ ਗਿਆ ਸੀ ਜਿੱਥੇ ਦੋਸ਼ਾਂ ਅਨੁਸਾਰ ਉਸ ਦੇ ਦੋਸਤਾਂ ਨੇ ਕਿਸੇ ਗੱਲ ਨੂੰ ਲੈ ਕੇ ਉਸ ਦੀ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸ ਨੇ ਘਰ ਆ ਕੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਜਿਸ 'ਤੇ ਉਨ੍ਹਾਂ ਨੇ ਪਿੰਡ ਦੇ ਡਾਕਟਰ ਨੂੰ ਉਸ ਦੇ ਇਲਾਜ ਲਈ ਬੁਲਾਇਆ | ਮਿ੍ਤਕ ਦੇ ਪਿਤਾ ਹਜ਼ਾਰੀ ਰਾਮ ਨੇ ਦੱਸਿਆ ਕਿ ਉਹ ਖ਼ੁਦ ਬਿਮਾਰ ਹੈ ਤੇ ਪਿੰਡ ਦੇ ਡਾਕਟਰ ਦੇ ਘਰ ਆਉਣ ਤੋਂ ਪਹਿਲਾਂ ਅਸ਼ੋਕ ਪਰਿਵਾਰਕ ਮੈਂਬਰਾਂ ਨੂੰ ਦੱਸੇ ਬਿਨਾਂ ਕਿਤੇ ਚਲਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਰਾਤ 10 ਵਜੇ ਦੇ ਕਰੀਬ ਉਸ ਦੀ ਲਾਸ਼ ਸ਼ਮਸ਼ਾਨਘਾਟ ਵਿਚ ਇਕ ਦਰਖ਼ਤ ਨਾਲ ਲਟਕਦੀ ਮਿਲੀ | ਉਸ ਨੇ ਸ਼ੱਕ ਪ੍ਰਗਟ ਕੀਤਾ ਕਿ ਇਹ ਸੰਭਵ ਹੈ ਕਿ ਉਸ ਨੂੰ ਕੁੱਟਣ ਵਾਲੇ ਉਸ ਦੇ ਦੋਸਤਾਂ ਨੇ ਉਸ ਨੂੰ ਮਾਰ ਕੇ ਦਰਖ਼ਤ ਨਾਲ ਲਟਕਾ ਦਿੱਤਾ ਹੋਵੇ | ਇਸ ਲਈ ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ | ਇਸ ਦੌਰਾਨ, ਥਾਣਾ ਖੁਈਆਂ ਸਰਵਰ ਨੇ ਮਿ੍ਤਕ ਦੀ ਲਾਸ਼ ਨੂੰ ਮੁਰਦਾ ਘਰ ਵਿਚ ਰੱਖ ਦਿੱਤਾ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਹਨ | ਪੁਲਿਸ ਦਾ ਕਹਿਣਾ ਹੈ ਕਿ ਮਿ੍ਤਕ ਦਾ ਪੋਸਟਮਾਰਟਮ ਉਸ ਤੋਂ ਬਾਅਦ ਹੀ ਕੀਤਾ ਜਾਵੇਗਾ ਜਿਸ ਤੋਂ ਬਾਅਦ ਮੌਤ ਦਾ ਕਾਰਨ ਪਤਾ ਲੱਗੇਗਾ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |