ਅਬੋਹਰ, 5 ਸਤੰਬਰ (ਵਿਵੇਕ ਹੂੜੀਆ)- ਅਬੋਹਰ ਦੇ ਮਸ਼ਹੂਰ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਕੇਸ ਦੇ ਦੋ ਮਹੀਨੇ ਬਾਅਦ ਪੁਲਿਸ ਪ੍ਰਸ਼ਾਸਨ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੱਖ ਮੁਲਜ਼ਮ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕਰ ਰਿਹਾ ਹੈ ਤੇ ਹੌਲੀ ਹੌਲੀ ਇਸ ਨਾਲ ਸਬੰਧਿਤ ਸਾਰੇ ਅਪਰਾਧੀਆਂ ਤੱਕ ਪਹੁੰਚ ਰਿਹਾ ਹੈ ਜਿਸ ਤਹਿਤ ਹੁਣ ਤੱਕ ਲਗਭਗ 7 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਹੁਣ ਸਿਟੀ ਵਨ ਪੁਲਿਸ ਨੇ ਇਸ ਮਾਮਲੇ ਵਿਚ ਸ਼ਾਮਲ ਇੱਕ ਹੋਰ ਗੈਂਗਸਟਰ ਨੂੰ ਪਟਿਆਲਾ ਜੇਲ੍ਹ ਤੋਂ ਲਿਆਂਦਾ ਤੇ ਉਸ ਨੂੰ ਅਬੋਹਰ ਦੇ ਜੱਜ ਸਤੀਸ਼ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ ਜਿੱਥੋਂ ਉਸ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ | ਸਿਟੀ ਵਨ ਪੁਲਿਸ ਸਟੇਸ਼ਨ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਵਿਸ਼ਨੂੰ ਖੰਡੇਲਾ ਪੁੱਤਰ ਸੰਗਰਾਮ ਵਾਸੀ ਜੋਧਪੁਰ ਰਾਜਸਥਾਨ ਨੂੰ ਪਟਿਆਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਅਬੋਹਰ ਲਿਆਂਦਾ ਗਿਆ ਹੈਅਤੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਗੈਂਗਸਟਰ ਵਿਸ਼ਨੂੰ ਆਰਜ਼ੂ ਬਿਸ਼ਨੋਈ ਨਾਲ ਜੁੜਿਆ ਹੋਇਆ ਹੈ ਜਿਸ ਨੇ ਸੰਜੇ ਵਰਮਾ ਕਤਲ ਕੇਸ ਦੀ ਜ਼ਿੰਮੇਵਾਰੀ ਲਈ ਸੀ ਕਿਉਂਕਿ ਉਹ ਉਸ ਸਮੇਂ ਉਸ ਦੇ ਸੰਪਰਕ ਵਿਚ ਸੀ ਤੇ ਉਸ ਨੇ ਅੰਸ਼ੁਮਨ ਤੇ ਪ੍ਰਾਂਜਲ ਨੂੰ ਫਿਰੌਤੀ ਦਿੱਤੀ ਸੀ ਜੋ ਪਹਿਲਾਂ ਫੜੇ ਗਏ ਸਨ ਤੇ ਹੁਣ ਫ਼ਰੀਦਕੋਟ ਜੇਲ੍ਹ ਵਿਚ ਹਨ | ਥਾਣਾ ਇੰਚਾਰਜ ਨੇ ਦੱਸਿਆ ਕਿ ਵਿਸ਼ਨੂੰ ਦਾ ਵਿਆਹ 2015 ਵਿਚ ਹੋਇਆ ਸੀ ਤੇ ਇਸ ਤੋਂ ਬਾਅਦ ਹੀ ਉਹ ਅਪਰਾਧ ਦੀ ਦੁਨੀਆ ਵਿਚ ਆਇਆ | ਉਸ ਵਿਰੁੱਧ ਪਹਿਲਾਂ ਕਤਲ ਤੇ ਫਿਰੌਤੀ ਸਮੇਤ ਲਗਭਗ 7 ਅਪਰਾਧਿਕ ਮਾਮਲੇ ਦਰਜ ਹਨ | ਥਾਣਾ ਇੰਚਾਰਜ ਨੇ ਦੱਸਿਆ ਕਿ ਹੁਣ ਤੱਕ ਫੜੇ ਗਏ ਸਾਰੇ ਗੈਂਗਸਟਰ ਲਾਰੈਂਸ ਗੈਂਗ ਬਿਸ਼ਨੋਈ ਨਾਲ ਜੁੜੇ ਹੋਏ ਹਨ | ਜਲਦੀ ਹੀ ਪੁਲਿਸ ਕਤਲ ਕਰਨ ਵਾਲੇ ਮੁੱਖ ਸ਼ੂਟਰਾਂ ਤੱਕ ਪਹੁੰਚ ਜਾਵੇਗੀ |