ਫ਼ਾਜ਼ਿਲਕਾ, 5 ਸਤੰਬਰ (ਅਮਰਜੀਤ ਸ਼ਰਮਾ)- ਇਕ ਪਾਸੇ ਜਿੱਥੇ ਭਾਰਤ ਅੰਦਰ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ 3704 ਅਧਿਆਪਕਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਪੇਅ ਸਕੇਲ ਹਾਸਿਲ ਕਰਨ ਲਈ ਪਿਛਲੇ 6 ਦਿਨਾਂ ਤੋਂ ਡੀ.ਪੀ.ਆਈ. ਮੋਹਾਲੀ ਦੇ ਦਫ਼ਤਰ ਮੂਹਰੇ ਪੱਕਾ ਧਰਨਾ ਲਗਾ ਕੇ ਸੰਘਰਸ਼ ਕਰ ਰਹੇ ਹਨ | ਫਿਰ ਵੀ ਸਿੱਖਿਆ ਵਿਭਾਗ ਪੰਜਾਬ ਪੇਅ ਸਕੇਲ ਜ਼ਮੀਨੀ ਰੂਪ ਵਿਚ ਲਾਗੂ ਕਰਕੇ ਸਮੂਹ ਜ਼ਿਲਿ੍ਹਆਂ ਦੀ ਬਣਦੀ ਤਨਖ਼ਾਹ ਜਾਰੀ ਨਹੀਂ ਕਰ ਰਿਹਾ | 3704 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਡੀ.ਪੀ.ਆਈ. ਦਫ਼ਤਰ ਦੇ ਸਾਹਮਣੇ ਇਸ ਸੰਬੰਧੀ ਆਪਣਾ ਵਿਰੋਧ ਜਤਾਉਣ ਲਈ 3704 ਅਧਿਆਪਕਾਂ ਦੇ ਲਗਭਗ 2500 ਅਧਿਆਪਕਾਂ ਨੇ ਪੱਕਾ ਮੋਰਚਾ ਗੱਡ ਦਿੱਤਾ ਤੇ ਪਿਛਲੇ 6 ਦਿਨਾਂ ਤੋਂ ਵਰ੍ਹਦੇ ਮੀਂਹ ਵਿਚ ਵੀ ਦਿਨ-ਰਾਤ ਆਪਣਾ ਵਿਰੋਧ ਜਤਾਉਣ ਲਈ ਸਿੱਖਿਆ ਵਿਭਾਗ ਦਾ ਗੇਟ ਮੱਲਿਆ ਹੋਇਆ ਹੈ | ਇੱਥੇ ਇਹ ਦੱਸਣਾ ਬਣਦਾ ਹੈ ਕਿ ਕਾਨੂੰਨੀ ਤੌਰ 'ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਲਗਭਗ 20 ਜ਼ਿਲਿ੍ਹਆਂ ਵਿਚ 70% ਤੋਂ ਵੱਧ ਅਧਿਆਪਕਾਂ ਦੀ ਤਨਖ਼ਾਹ ਪੰਜਾਬ ਦੇ ਚੱਲ ਰਹੇ ਛੇਵੇਂ ਪੇਅ ਸਕੇਲ ਅਧੀਨ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੋ ਰਹੀ ਹੈ ਪਰ ਕੁੱਝ ਜ਼ਿਲੇ੍ਹ ਦੇ ਸਕੂਲ ਮੁਖੀਆਂ ਨੇ ਗ਼ਲਤ ਪੇਅ ਫਿਕਸੇਸ਼ਨ ਕੀਤੀਆਂ ਹਨ ਜਿਸ ਕਾਰਨ ਤਨਖ਼ਾਹਾਂ ਜਾਰੀ ਨਹੀਂ ਕੀਤੀਆਂ | ਜਦੋਂ ਡੀ.ਪੀ.ਆਈ. (ਸੈ.ਸਿੱ.) ਨਾਲ ਪ੍ਰਸ਼ਾਸਨ ਨੇ ਮੀਟਿੰਗ ਕਰਵਾਈ ਤਾਂ ਉਨ੍ਹਾਂ ਦੱਸਿਆ ਕਿ ਨਿਯਮਾਂ ਮੁਤਾਬਿਕ ਤਨਖ਼ਾਹ ਦੇਣ ਲਈ ਅਸੀਂ ਪੱਤਰ ਜਾਰੀ ਕਰ ਚੁੱਕੇ ਹਾਂ ਤੇ ਸਬੰਧਿਤ ਜ਼ਿਲਿ੍ਹਆਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਵੀ ਫ਼ੋਨ ਕਰਕੇ ਵੀ ਸਹੀ ਤਨਖ਼ਾਹ ਜਾਰੀ ਕਰਨ ਲਈ ਕਹਿ ਚੁੱਕੇ ਹਾਂ, ਇਸ ਸੰਬੰਧੀ ਉਹ ਸੈਕਟਰੀ ਸਿੱਖਿਆ ਵਿਭਾਗ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਤੇ ਤਨਖ਼ਾਹ ਸਹੀ ਫਿਕਸੇਸ਼ਨ ਅਨੁਸਾਰ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ | ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਗੁਰਪ੍ਰੀਤ ਸਿੰਘ ਦੱਸਿਆ ਕਿ ਉਨ੍ਹਾਂ ਵਲੋਂ ਲਗਾਤਾਰ ਸਿੱਖਿਆ ਵਿਭਾਗ ਨਾਲ ਮੀਟਿੰਗਾਂ ਕਰਨ ਤੋਂ ਬਾਅਦ ਜਦ ਉਨ੍ਹਾਂ ਦੀਆਂ ਮੰਗਾਂ ਨੂੰ ਬੂਰ ਨਾ ਪਿਆ ਤਾਂ ਅੰਤ 'ਚ ਪੱਕਾ ਮੋਰਚਾ ਲਗਾਉਣ ਦਾ ਕਦਮ ਚੁੱਕਿਆ ਗਿਆ ਹੈ | ਇਹ ਮੋਰਚਾ ਬਣਦੇ ਲਾਭ ਸਭ 3704 ਅਧਿਆਪਕਾਂ ਨੂੰ ਜਾਰੀ ਹੋਣ ਤੱਕ ਜਾਰੀ ਰਹੇਗਾ ਤੇ ਜੇਕਰ ਇਸ ਤਰ੍ਹਾਂ ਹੀ ਵਿਭਾਗ ਟਾਲਮਟੋਲ ਕਰਦਾ ਰਿਹਾ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ | ਇਸ ਫ਼ਾਜ਼ਿਲਕਾ ਬਲਾਕ ਪ੍ਰਧਾਨ ਗੁਰਦੇਵ ਸਿੰਘ, ਪਿ੍ੰਸਪਾਲ ਸਿੰਘ, ਪਿੰਟੂ ਬਿਸ਼ਨੋਈ, ਵਿਕਰਮ ਸਿੰਘ, ਯੋਗੇਸ਼ ਕੁਮਾਰ, ਲਵਿਸ਼, ਸਤਨਾਮ ਸਿੰਘ ਆਦਿ ਆਗੂ ਹਾਜ਼ਰ ਸਨ |