ਜਲਾਲਾਬਾਦ, 5 ਸਤੰਬਰ (ਕਰਨ ਚੁਚਰਾ)- ਸ਼੍ਰੀ ਰਾਮ ਸ਼ਰਣਮ ਆਸ਼ਰਮ ਗੋਹਾਨਾ ਦੇ ਮੁਖੀ ਪੂਜਨੀਕ ਸ਼੍ਰੀ ਕਿ੍ਸ਼ਨ ਵਿਜ ਦੇ ਆਦੇਸ਼ ਅਨੁਸਾਰ ਸ਼੍ਰੀ ਰਾਮ ਸ਼ਰਣਮ ਆਸ਼ਰਮ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਪ੍ਰਭਾਤ ਸਿੰਘ ਵਾਲਾ ਦੇ ਸਰਕਾਰੀ ਸਕੂਲ ਵਿਚ ਬਣਾਏ ਗਏ ਰਾਹਤ ਕੈਂਪ ਵਿਚ ਦਵਾਈਆਂ ਵੰਡੀਆਂ ਗਈਆਂ | ਮੈਡੀਕਲ ਕੈਂਪ ਰਾਹੀਂ ਪਿੰਡ ਪ੍ਰਭਾਤ ਸਿੰਘ ਵਾਲਾ ਤੋਂ ਇਲਾਵਾ ਢਾਣੀ ਨੱਥਾ ਸਿੰਘ, ਆਤੂ ਵਾਲਾ, ਸੰਤੋਖ ਸਿੰਘ ਵਾਲਾ ਆਦਿ ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਨੇ ਇਲਾਜ ਕਰਵਾ ਕੇ ਲਾਭ ਲਿਆ | ਆਸ਼ਰਮ ਦੇ ਸਥਾਨਕ ਪ੍ਰਬੰਧਕ ਅਸ਼ੋਕ ਅਨੇਜਾ ਨੇ ਦੱਸਿਆ ਕਿ ਰਾਹਤ ਕੈਂਪ ਵਿਚ ਚਮੜੀ ਦੇ ਰੋਗਾਂ, ਦਰਦ ਨਿਵਾਰਕ ਤੇ ਅੱਖਾਂ ਲਈ ਡਰਾਪ ਵਰਗੀਆਂ ਜ਼ਰੂਰੀ ਦਵਾਈਆਂ ਡਿਊਟੀ 'ਤੇ ਤਾਇਨਾਤ ਡਾਕਟਰਾਂ ਨੂੰ ਸੌਂਪੀਆਂ ਗਈਆਂ | ਇਸ ਮੌਕੇ ਡਾ. ਮਹਿਕਪ੍ਰੀਤ ਕੌਰ (ਅੱਖਾਂ ਦੀ ਮਾਹਿਰ), ਡਾ. ਨੀਲਮ ਰਾਣੀ (ਐਮ.ਪੀ.ਐੱਚ.ਡਬਲਿਯੂ), ਡਾ. ਸੰਦੀਪ ਕੁਮਾਰ (ਸੀ.ਐੱਚ.ਓ), ਡਾ. ਪ੍ਰੇਮ ਸਿੰਘ (ਐਮ.ਪੀ.ਐੱਚ.ਡਬਲਿਯੂ), ਡਾ. ਪਰਮਜੀਤ ਸਿੰਘ ਤੇ ਡਾ. ਵਰਦਾਨ (ਪਸ਼ੂ ਮਾਹਿਰ) ਮੌਜੂਦ ਰਹੇ | ਹੜ੍ਹ ਪੀੜਤ ਲੋਕਾਂ ਨੇ ਇਲਾਜ ਕਰਵਾਉਂਦੇ ਹੋਏ ਆਸ਼ਰਮ ਦਾ ਧੰਨਵਾਦ ਕੀਤਾ | ਅਸ਼ੋਕ ਅਨੇਜਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਅੱਖਾਂ ਦਾ ਫਲੂ, ਚਮੜੀ ਦੇ ਰੋਗ ਤੇ ਪੇਟ ਦੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ | ਇਨ੍ਹਾਂ ਸਮੱਸਿਆਵਾਂ ਲਈ ਵਿਸ਼ੇਸ਼ ਤੌਰ 'ਤੇ ਮਰੀਜ਼ਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ | ਇਸ ਸੇਵਾ ਕਾਰਜ ਵਿਚ ਗਗਨ ਵਾਟਸ, ਅਵੀ ਬਜਾਜ ਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ |