ਅਬੋਹਰ, 24 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਅਤੇ ਮਨੋਰੰਜਨ ਲਈ ਖੇਡਾਂ ਵਿਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ | ਖੇਡਾਂ ਵਿਚ ਹਿੱਸਾ ਲੈ ਕੇ ਵਿਦਿਆਰਥੀ ਪੜ੍ਹਾਈ ਦੇ ਤਣਾਅ ਤੋਂ ਛੁਟਕਾਰਾ ਪਾਉਂਦੇ ਹਨ ਤੇ ਇਕ ਨਵੀਂ ਊਰਜਾ ਦਾ ਅਨੁਭਵ ਕਰਦੇ ਹਨ | ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਤੇ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਅਬੋਹਰ ਸ਼ਹਿਰ ਵਿਚ ਇਕ ਜੂਡੋ ਸਿਖਲਾਈ ਕੇਂਦਰ ਚਲਾਇਆ ਜਾ ਰਿਹਾ ਹੈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੂਡੋ ਕੋਚ ਕੁਲਦੀਪ ਸੋਨੀ ਨੇ ਦੱਸਿਆ ਕਿ ਸਿਖਲਾਈ ਕੇਂਦਰ ਤੋਂ ਖਿਡਾਰੀ ਰਾਸ਼ਟਰੀ, ਰਾਜ ਤੇ ਜ਼ਿਲ੍ਹਾ ਪੱਧਰ 'ਤੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੇ ਖੇਤਰ ਤੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ | ਅੱਜ ਦੇ ਸਮੇਂ ਵਿਚ ਖ਼ਾਸ ਕਰਕੇ ਲੜਕੀਆਂ ਤੇ ਔਰਤਾਂ ਲਈ ਸਵੈ ਰੱਖਿਆ ਵਿਚ ਕਾਬਲ ਹੋਣਾ ਬਹੁਤ ਜ਼ਰੂਰੀ ਹੈ, ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕੇਂਦਰ ਕੁੜੀਆਂ ਲਈ ਵਿਸ਼ੇਸ਼ ਸਵੈ ਰੱਖਿਆ ਸਿਖਲਾਈ ਪ੍ਰਦਾਨ ਕਰਦਾ ਹੈ ਜਿਸ ਨਾਲ ਉਹ ਕਿਸੇ ਵੀ ਸਥਿਤੀ ਵਿਚ ਆਪਣਾ ਬਚਾਅ ਕਰ ਸਕਦੀਆਂ ਹਨ |