ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਅੰਦਰ ਜ਼ਿਲ੍ਹਾ ਪੱਧਰ 'ਤੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਵਾਰਡ ਪੱਧਰ 'ਤੇ ਵਰਕਰਾਂ ਦੀ ਆਵਾਜ਼ ਸੁਣ ਕੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਨੂੰ ਲੈ ਕੇ ਜ਼ਿਲ੍ਹਾ ਪੱਧਰ 'ਤੇ ਨਿਯੁਕਤ ਕੀਤੇ ਵੱਖ-ਵੱਖ ਦੂਸਰੇ ਸੂਬਿਆਂ ਦੇ ਰਹਿਣ ਵਾਲੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਅਬਜ਼ਰਵਰ ਦੇ ਤੌਰ 'ਤੇ ਵਰਕਰਾਂ ਦੀ ਆਵਾਜ਼ ਸੁਣ ਕੇ ਹਾਈਕਮਾਂਡ ਨੂੰ ਸੌਂਪਣ ਦੀ ਜੋ ਮੁਹਿੰਮ ਚਲਾਈ ਹੈ, ਉਸ ਅਧੀਨ ਫ਼ਾਜ਼ਿਲਕਾ ਜ਼ਿਲ੍ਹੇ 'ਚ ਤਾਮਿਲਨਾਡੂ ਦੇ ਰਹਿਣ ਵਾਲੇ ਸਾਬਕਾ ਸੰਸਦ ਮੈਂਬਰ ਏ.ਚੇਲਾ ਕੁਮਾਰ ਆਬਜ਼ਰਵਰ ਦੇ ਤੌਰ 'ਤੇ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਫ਼ਾਜ਼ਿਲਕਾ ਸ਼ਹਿਰ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਮਿਲੇ | ਇਸ ਮੌਕੇ ਉਨ੍ਹਾਂ ਹਾਜ਼ਰ ਇੱਕ-ਇੱਕ ਕਾਂਗਰਸੀ ਵਰਕਰ ਨੂੰ ਬੁਲਾ ਕੇ ਉਸ ਦੀ ਗੱਲ ਸੁਣੀ | ਫ਼ਾਜ਼ਿਲਕਾ ਨਗਰ ਕੌਂਸਲ ਦੇ ਅੱਧਾ ਦਰਜਨ ਤੋਂ ਵੱਧ ਕੌਂਸਲ ਪ੍ਰਧਾਨ ਐਡਵੋਕੇਟ ਸੁਰਿੰਦਰ ਸਚਦੇਵਾ ਦੇ ਨਾਲ ਸੁਰਿੰਦਰ ਕਾਲੜਾ, ਜਗਦੀਸ਼ ਬਜਾਜ, ਸਾਵਣ ਸਿੰਘ, ਸੁਰਜੀਤ ਸਿੰਘ, ਗੋਲਡੀ ਸਚਦੇਵਾ ਆਦਿ ਨੇ ਇਕੱਠੇ ਹੋ ਕੇ ਆਪਣਾ ਪੱਖ ਅਬਜ਼ਰਵਰ ਅੱਗੇ ਪੇਸ਼ ਕੀਤਾ | ਉਨ੍ਹਾਂ ਕਾਂਗਰਸ ਟਿਕਟ 'ਤੇ ਜਿੱਤੇ ਚਾਰ ਨਗਰ ਕੌਂਸਲਰਾਂ ਵਲੋਂ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਿਲ ਹੋਣ ਸੰਬੰਧੀ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ | ਇਸ ਮੌਕੇ ਅਸ਼ੋਕ ਸੋਨੀ ਵੀ ਉਨ੍ਹਾਂ ਦੇ ਨਾਲ ਸਨ | ਇਸ ਮੌਕੇ ਟਕਸਾਲੀ ਕਾਂਗਰਸੀ ਆਗੂ ਕੇਵਲ ਕ੍ਰਿਸ਼ਨ ਕਮਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਵੀ ਆਪਣੇ ਤੌਰ 'ਤੇ ਆਬਜ਼ਰਵਰ ਨੂੰ ਮਿਲੇ | ਇਸ ਤਰ੍ਹਾਂ ਕੁੱਝ ਆੜ੍ਹਤੀ ਵਰਗ ਨਾਲ ਸਬੰਧਿਤ ਲੋਕ, ਜਿਨ੍ਹਾਂ ਦਾ ਪਿਛੋਕੜ ਕਾਂਗਰਸ ਨਾਲ ਹੈ, ਉਨ੍ਹਾਂ ਵੀ ਮੁਲਾਕਾਤ ਕੀਤੀ | ਇਸ ਤਰ੍ਹਾਂ ਹੋਰ ਵੀ ਕਾਂਗਰਸੀ ਕੌਂਸਲਰ ਤੇ ਵਰਕਰ ਆਪੋ ਆਪਣੇ ਤੌਰ 'ਤੇ ਅਬਜ਼ਰਵਰ ਨੂੰ ਮਿਲੇ ਤੇ ਆਪਣੀ ਰਾਏ ਦਿੱਤੀ | ਇਸ ਮੌਕੇ ਪ੍ਰਧਾਨਗੀ ਦੇ ਅਹੁਦੇ ਲਈ ਚਾਹਵਾਨ ਆਗੂਆਂ ਰਾਜ ਬਖ਼ਸ਼ ਕੰਬੋਜ, ਦਵਿੰਦਰ ਸਿੰਘ ਘੁਬਾਇਆ ਸਾਬਕਾ ਵਿਧਾਇਕ, ਸੁਖਵੰਤ ਸਿੰਘ ਬਰਾੜ ਸਾਬਕਾ ਚੇਅਰਮੈਨ ਹਾਊਸਫੈੱਡ ਪੰਜਾਬ, ਗੁਰਜੋਤ ਸਿੰਘ ਸੰਧੂ, ਪ੍ਰਵੀਨ ਭਾਦੂ, ਕੌਸ਼ਲ ਕੁਮਾਰ ਬੂਕ ਸਾਬਕਾ ਜ਼ਿਲ੍ਹਾ ਪ੍ਰਧਾਨ, ਰੂਬੀ ਗਿੱਲ ਤੇ ਹੋਰ ਸ਼ਾਮਿਲ ਸਨ | ਇਸ ਤਰ੍ਹਾਂ ਸੀਨੀਅਰ ਕਾਂਗਰਸੀ ਆਗੂਆਂ ਵਿਚ ਡਾ.ਮਹਿੰਦਰ ਕੁਮਾਰ ਰਿਣਵਾ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਮੰਤਰੀ ਹੰਸਰਾਜ ਜੋਸਨ ਆਦਿ ਨੇ ਵੀ ਆਬਜ਼ਰਵਰ ਏ ਚੇਲਾ ਕੁਮਾਰ ਨਾਲ ਗੱਲਬਾਤ ਕੀਤੀ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਕ ਵੱਖਰਾ ਕੰਮ ਕੀਤਾ ਹੈ ਜਿਸ ਦੌਰਾਨ ਕਈ ਸੂਬਿਆਂ 'ਚ ਇਹ ਕਾਰਵਾਈ ਮੁਕੰਮਲ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਜੋ ਜ਼ਿਲ੍ਹਾ ਪ੍ਰਧਾਨ ਬਣਨੇ ਹਨ ਉਹ ਵਰਕਰਾਂ ਨਾਲ ਸੰਪਰਕ ਕਰਕੇ ਲਗਾਏ ਜਾਣਗੇ ਜਿਸ ਲਈ ਸੀਨੀਅਰ ਕਾਂਗਰਸੀ ਆਗੂ ਏ.ਚੇਲਾ ਕੁਮਾਰ ਨੂੰ ਆਬਜ਼ਰਵਰ ਦੇ ਤੌਰ 'ਤੇ ਫ਼ਾਜ਼ਿਲਕਾ ਭੇਜਿਆ ਹੈ | ਉਨ੍ਹਾਂ ਕਿਹਾ ਕਿ ਤਿੰਨ ਹਲਕੇ ਅੱਜ ਪੂਰੇ ਹੋ ਜਾਣਗੇ | ਕੱਲ੍ਹ ਜਲਾਲਾਬਾਦ ਹਲਕੇ ਤੋਂ ਬਾਅਦ ਉਹ ਜ਼ਿਲ੍ਹੇ ਦੀਆਂ ਕਈ ਸਮਾਜਿਕ ਸੰਸਥਾਵਾਂ ਤੇ ਹੋਰ ਲੋਕਾਂ ਨੂੰ ਮਿਲ ਕੇ ਸਾਰੀ ਸਥਿਤੀ ਬਾਰੇ ਜਾਣੂ ਹੋਣਗੇ | ਇਸ ਮੌਕੇ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਡਾ.ਮਹਿੰਦਰ ਕੁਮਾਰ ਰਿਣਵਾ ਨੇ ਕਿਹਾ ਕਿ ਪਾਰਟੀ ਸੁਪਰੀਮੋ ਰਾਹੁਲ ਗਾਂਧੀ ਨੇ ਬੜਾ ਸੋਚ ਸਮਝ ਕੇ ਇਹ ਫ਼ੈਸਲਾ ਲਿਆ ਹੈ ਜਿਸ ਅਧੀਨ ਟਕਸਾਲੀ ਕਾਂਗਰਸੀ ਨੂੰ ਅਬਜ਼ਰਵਰ ਦੇ ਤੌਰ 'ਤੇ ਸਾਡੇ ਕੋਲ ਭੇਜਿਆ ਹੈ | ਉਨ੍ਹਾਂ ਕਿਹਾ ਕਿ ਪਹਿਲਾ ਇਹ ਹੁੰਦਾ ਸੀ ਕਿ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਚਹੇਤੇ ਜ਼ਿਲ੍ਹਾ ਪ੍ਰਧਾਨ ਅਤੇ ਅਹੁਦੇਦਾਰ ਥਾਪ ਦਿੱਤੇ ਜਾਂਦੇ ਸਨ ਪਰ ਇਸ ਵਾਰ ਵਰਕਰ ਦੀ ਆਵਾਜ਼ 'ਤੇ ਜ਼ਿਲ੍ਹਾ ਪ੍ਰਧਾਨ ਬਣਾਉਣ ਵਾਸਤੇ ਨਵੀਂ ਪਰੰਪਰਾ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਪਾਰਟੀ ਮਜ਼ਬੂਤ ਹੋਵੇਗੀ | ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਹਰੇਕ ਨੂੰ ਚੋਣ ਲੜਨ ਲਈ ਟਿਕਟ ਮਿਲੇ | ਪਾਰਟੀ ਵਿਚ ਅਹੁਦੇਦਾਰ ਵੀ ਬਣਨੇ ਹੁੰਦੇ ਹਨ ਜਿਸ ਲਈ ਸ਼ੁਰੂ ਕੀਤੀ ਇਹ ਮੁਹਿੰਮ ਪਾਰਟੀ ਨੂੰ ਮਜ਼ਬੂਤ ਕਰੇਗੀ | ਇਸ ਮੌਕੇ ਫ਼ਾਜ਼ਿਲਕਾ ਦੇ ਬਜ਼ੁਰਗ ਤੇ ਟਕਸਾਲੀ ਕਾਂਗਰਸੀ ਆਗੂ ਨਰੇਸ਼ ਕੁਮਾਰ ਨੇ ਕਿਹਾ ਕਿ ਜਿਹੜਾ ਵਿਅਕਤੀ ਲੋਕਾਂ ਦੀ ਭਾਸ਼ਾ ਹੀ ਨਹੀਂ ਜਾਣ ਸਕਦਾ ਉਹ ਲੋਕਾਂ ਦੀ ਆਵਾਜ਼ ਹਾਈਕਮਾਂਡ ਤੱਕ ਕਿਵੇਂ ਪਹੁੰਚਾਏਗਾ | ਉਨ੍ਹਾਂ ਕਿਹਾ ਕਿ ਮੈਂ ਗੱਲ ਕਰਨੀ ਚਾਹੁੰਦਾ ਸਾਂ, ਹੁਣ ਕੀ ਗੱਲ ਕਰਾਂ ਜੇ ਉਨ੍ਹਾਂ ਨੇ ਮੇਰੀ ਭਾਸ਼ਾ ਹੀ ਨਹੀਂ ਜਾਣਨੀ | ਉਨ੍ਹਾਂ ਕਿਹਾ ਕਿ ਇਸ ਗੱਲ ਦਾ ਲਾਭ ਤਾਂ ਹੈ ਜੇ ਹਿੰਦੀ ਪੰਜਾਬੀ ਜਾਣਨ ਵਾਲਾ ਵਰਕਰਾਂ ਵਿਚ ਬੈਠ ਕੇ ਉਨ੍ਹਾਂ ਦੀ ਗੱਲ ਸੁਣੇ | ਉਨ੍ਹਾਂ ਕਿਹਾ ਕਿ ਪਾਰਟੀ ਵਿਚ ਜੋ ਧੜੇਬੰਦੀਆਂ ਬਣੀਆਂ ਹਨ ਉਸ ਖ਼ਤਮ ਹੋਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਵਿਚ ਵਰਕਰ ਦੀ ਇੱਜ਼ਤ ਨਹੀਂ ਤਾਂ ਫਿਰ ਪਾਰਟੀ ਦੀ ਵੀ ਕੋਈ ਇੱਜ਼ਤ ਨਹੀਂ ਰਹੇਗੀ | ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਪਾਰਟੀ ਅੰਦਰ ਜੋ ਹਾਲਾਤ ਬਣ ਰਹੇ ਹਨ ਉਹ ਚੰਗੇ ਸੰਕੇਤ ਨਹੀਂ ਦੇ ਰਹੇ | ਉਨ੍ਹਾਂ ਵੱਡੇ ਆਗੂਆਂ ਨੂੰ ਕਿਹਾ ਕਿ ਧੜੇਬੰਦੀਆਂ ਖ਼ਤਮ ਕਰਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ |
ਫ਼ਾਜ਼ਿਲਕਾ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਆਬਜ਼ਰਵਰ ਨੇ ਕਾਂਗਰਸੀ ਵਰਕਰਾਂ ਤੋਂ ਮੌਜੂਦਾ ਸਥਿਤੀ ਜਾਣੀ
ਅਜੀਤ ਡੈਸਕ
26-09-2025