ਫ਼ਾਜ਼ਿਲਕਾ, 26 ਸਤੰਬਰ (ਦਵਿੰਦਰ ਪਾਲ ਸਿੰਘ)- ਦੇਸ਼ ਦੀ ਵੰਡ ਤੋਂ ਬਾਅਦ ਸਰਹੱਦੀ ਖੇਤਰ ਦੇ ਲੋਕਾਂ ਨੂੰ ਕਈ ਵਾਰ ਉੱਜੜਨਾ ਤੇ ਵੱਸਣਾ ਪਿਆ ਪਰ 2025 ਦੀ ਕੁਦਰਤੀ ਹੜ੍ਹਾਂ ਦੀ ਕਰੋਪੀ ਨੇ ਵਿਸ਼ੇਸ਼ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੀ ਹਾਲਤ ਨਾ ਸਹਿਣਯੋਗ ਕਰ ਦਿੱਤੀ | ਪਿੰਡਾਂ ਦੇ ਪਿੰਡ ਇਨ੍ਹਾਂ ਹੜ੍ਹਾਂ ਨੇ ਆਪਣੇ 'ਚ ਸਮੇਟ ਲਏ | ਪਿੰਡਾਂ ਤੇ ਖੇਤਾਂ 'ਚ 10-10 ਫੁੱਟ ਪਾਣੀ ਪਹੁੰਚ ਗਿਆ ਪਰ ਇਨ੍ਹਾਂ ਹੜ੍ਹਾਂ ਦੌਰਾਨ ਸਰਕਾਰੀ ਸਹਾਇਤਾ ਦੇ ਨਾਲ ਆਮ ਵੱਸਦੇ ਲੋਕਾਂ ਵਲੋਂ ਜਿਸ ਤਰ੍ਹਾਂ ਮਨੁੱਖਤਾ ਦੀ ਸੇਵਾ ਕੀਤੀ ਗਈ, ਉਹ ਹਰੇਕ ਵਿਅਕਤੀ ਦੇ ਸੋਚ ਤੋਂ ਬਾਹਰ ਹੈ | ਦੇਸ਼-ਵਿਦੇਸ਼ ਵੱਸਦੇ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸਾਰ ਲਈ ਜਿੱਥੇ ਸਰਕਾਰ ਦੇ ਮੰਤਰੀਆਂ ਨੇ ਹੜ੍ਹ ਪੀੜਤ ਇਲਾਕਿਆਂ ਅੰਦਰ ਡੇਰੇ ਲਗਾ ਲਏ, ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਕਰਨ 'ਚ ਨਾ ਆਵੇ | ਜਿੱਥੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਪੂਰਾ ਪ੍ਰਸ਼ਾਸਨ ਸਰਹੱਦੀ ਖੇਤਰ ਦੇ ਪਿੰਡਾਂ 'ਚ ਸੂਰਜ ਨਿਕਲਣ ਤੋਂ ਪਹਿਲਾਂ ਤੇ ਦੇਰ ਸ਼ਾਮ ਤੱਕ ਇਨ੍ਹਾਂ ਇਲਾਕਿਆਂ ਵਿਚ ਹੀ ਡੇਰੇ ਲਗਾ ਕੇ ਬੈਠਾ ਰਿਹਾ ਉੱਥੇ ਹੀ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਖ਼ੁਸ਼ਬੂ ਸਾਵਨਸੁੱਖਾ ਸਵਨਾ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾ ਕੇ ਜਿਸ ਤਰ੍ਹਾਂ ਆਪਣੀ ਸੇਵਾ ਦਾ ਫ਼ਰਜ਼ ਨਿਭਾਇਆ ਗਿਆ ਉਸ ਦੀ ਚਰਚਾ ਇਲਾਕੇ ਦੀਆਂ ਸੱਥਾਂ 'ਤੇ ਆਮ ਸੁਣਨ ਨੂੰ ਮਿਲ ਰਹੀਆਂ ਹਨ | ਪਹਿਲੇ ਪੜਾਅ ਅੰਦਰ ਹੜ੍ਹਾਂ ਦੇ ਪਾਣੀ 'ਚ ਘਿਰੇ ਲੋਕਾਂ ਨੂੰ ਦਿਨ ਰਾਹ ਦੀ ਰੋਟੀ ਮੁਹੱਈਆ ਕਰਵਾਉਣਾ ਸ਼ੁਰੂ ਹੋਇਆ | ਫਿਰ ਪਸ਼ੂਆਂ ਦੇ ਚਾਰੇ ਲਈ ਬਣੇ ਸੰਕਟ ਨੂੰ ਹੱਲ ਕਰਨ ਲਈ ਵਿਧਾਇਕ ਸਵਨਾ ਪਿੰਡ-ਪਿੰਡ ਢਾਣੀ ਢਾਣੀ ਜਾ ਕੇ ਪਸ਼ੂਆਂ ਲਈ ਖ਼ੁਰਾਕ ਦੀਆਂ ਬੋਰੀਆਂ ਖ਼ੁਦ ਲੋਕਾਂ ਦੇ ਸਿਰਾਂ 'ਤੇ ਚੁਕਾਉਂਦੇ ਰਹੇ | ਤਿੰਨ-ਤਿੰਨ ਫੁੱਟ ਪਾਣੀ 'ਚ ਕਈ ਕਿੱਲੋਮੀਟਰ ਪੈਦਲ ਚੱਲ ਕੇ ਲੋਕਾਂ ਨੂੰ ਸੁੱਕਾ ਰਾਸ਼ਨ ਤੇ ਪੱਕਿਆ ਪਕਾਇਆ ਖਾਣਾ ਪਹੁੰਚਾਉਣ ਵਿਚ ਪੂਰੀ ਵਾਹ ਲਗਾਉਂਦੇ ਰਹੇ | ਐਨ.ਡੀ.ਆਰ.ਐਫ. ਦੀਆਂ ਟੀਮਾਂ ਲੱਗਣ ਤੋਂ ਬਾਅਦ ਵਿਧਾਇਕ ਜੋੜੀ ਨੇ ਵੱਖੋ-ਵੱਖ ਕਿਸ਼ਤੀਆਂ 'ਚ ਬੈਠ ਡੂੰਘੇ ਪਾਣੀ ਦੀ ਵੀ ਪ੍ਰਵਾਹ ਨਾ ਕਰਦਿਆਂ ਲੋਕਾਂ ਤੱਕ ਹਰੇਕ ਸਹੂਲਤ ਪ੍ਰਦਾਨ ਕੀਤੀ | ਦਵਾਈਆਂ, ਕੱਪੜੇ ਤੇ ਸਾਫ਼ ਸੁਥਰਾ ਪੀਣ ਵਾਲਾ ਪਾਣੀ ਦੀ ਕੋਈ ਕਸਰ ਨਹੀਂ ਰਹਿਣ ਦਿੱਤੀ | ਲੋਕਾਂ 'ਚ ਇਸ ਗੱਲ ਦੀ ਆਮ ਪ੍ਰਸੰਸਾ ਕੀਤੀ ਜਾ ਰਹੀ ਹੈ | ਪਹਿਲਾਂ ਕਦੇ ਇਸ ਤਰ੍ਹਾਂ ਦੀ ਮੁਸੀਬਤ ਆਈ ਵੀ ਹੈ ਤਾਂ ਸਿਆਸੀ ਆਗੂ ਚਾਹੇ ਉਹ ਸੱਤਾਧਾਰੀ ਹੋਣ ਜਾ ਵਿਰੋਧੀ ਧਿਰ ਦੇ ਸੁਰੱਖਿਆ ਬੰਨ੍ਹਾਂ ਜਾ ਪੁਲਾਂ 'ਤੇ ਖੜ੍ਹ ਕੇ ਦੋ ਸ਼ਬਦ ਹਮਦਰਦੀ ਦੇ ਬੋਲ, ਫ਼ੋਟੋਆਂ ਖਿਚਵਾ ਵਾਪਸ ਪਰਤ ਆਉਂਦੇ ਹਨ | ਜਿਸ ਤਰ੍ਹਾਂ ਵਿਧਾਇਕ ਹੁੰਦਿਆਂ ਡੂੰਘੇ ਪਾਣੀ ਦੀ ਪ੍ਰਵਾਹ ਨਾ ਕਰਦਿਆਂ ਇਸ ਜੋੜੀ ਨੇ ਕੈਂਪਾਂ ਵਿਚ ਜਾ, ਰਾਸ਼ਨ ਮੁਹੱਈਆ ਕਰਵਾਉਣਾ ਫਿਰ ਹੜ੍ਹਾਂ ਦੇ ਪਾਣੀ ਘਟਣ ਤੋਂ ਬਾਅਦ ਸੜਕਾਂ ਦੀ ਮੁਰੰਮਤ ਵੱਲ ਵਿਸ਼ੇਸ਼ ਧਿਆਨ ਦੇ ਕੇ ਲੋਕਾਂ ਦੀ ਆਵਾਜਾਈ ਨੂੰ ਬਹਾਲ ਕਰਵਾਇਆ | ਹੁਣ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਯਤਨਾਂ 'ਚ ਆਰੰਭੇ ਹੋਏ ਹਨ | ਵਿਧਾਇਕ ਜੋੜੀ ਦੇ ਨਾਲ ਉਨ੍ਹਾਂ ਦੇ ਸਾਥੀਆਂ ਵਲੋਂ ਕੀਤੀ ਜਾ ਰਹੀ ਮਿਹਨਤ ਨੂੰ ਦੇਖ ਮੁਲਾਜ਼ਮ ਵਰਗ ਨੇ ਵੀ ਇਨ੍ਹਾਂ ਹੜ੍ਹਾਂ ਦੌਰਾਨ ਤਨਦੇਹੀ ਨਾ ਡਿਊਟੀ ਨਿਭਾਈ ਹੈ |