ਅਬੋਹਰ, 31 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪੂਰਨ ਤੌਰ 'ਤੇ ਮੁਆਵਜ਼ਾ ਰਾਸ਼ੀ ਦੇਣ 'ਚ ਅਸਫਲ ਸਾਬਤ ਹੋਈ ਹੈ | ਉਕਤ ਸ਼ਬਦ ਕਾਂਗਰਸ ਪਾਰਟੀ ਦੇ ਬੱਲੂਆਣਾ ਹਲਕੇ ਦੇ ਇੰਚਾਰਜ ਬੀਬੀ ਰਜਿੰਦਰ ਕੌਰ ਨੇ ਗੱਲਬਾਤ ਕਰਦੇ ਹੋਏ ਸਾਂਝੇ ਕੀਤੇ | ਬੀਬੀ ਰਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਕੁਦਰਤੀ ਆਫ਼ਤ ਸਮੇਂ ਗਿਰਦਾਵਰੀ ਤੋਂ ਪਹਿਲਾ ਹੀ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ ਜਦ ਕਿ ਹੁਣ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਸਰਕਾਰ ਨੇ ਗਿਰਦਾਵਰੀ ਕਰਵਾ ਕੇ ਵੀ ਹਾਲੇ ਤੱਕ ਸਾਰੇ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਨਹੀਂ ਦਿੱਤੀ ਹੈ ਜਿਸ ਕਾਰਨ ਪੰਜਾਬ ਦੇ ਲੋਕ ਦਰ-ਦਰ ਭਟਕ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਐਨ.ਆਰ.ਆਈ, ਸਮਾਜ ਸੇਵੀ ਤੇ ਵਿਰੋਧੀ ਪਾਰਟੀਆਂ ਦੇ ਲੋਕ ਬਾਂਹ ਫੜ੍ਹ ਰਹੇ ਹਨ ਜਦ ਕਿ ਸੱਤਾ ਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਬੇਵੱਸ ਨਜ਼ਰ ਆ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਪੰਜਾਬ ਦੇ ਲੋਕਾਂ ਦੀ ਬਾਂਹ ਫੜੇ ਤੇ ਜਲਦ ਤੋਂ ਜਲਦ ਪ੍ਰਭਾਵਿਤ ਹੋਏ ਸਾਰੇ ਲੋਕਾਂ ਤੱਕ ਮੁਆਵਜ਼ਾ ਰਾਸ਼ੀ ਪੁੱਜਦੀ ਕਰੇ |